ਜਬਰ-ਜ਼ਨਾਹ ਦੇ ਦੋਸ਼ ''ਚੋਂ ਦੋਸ਼ੀ ਬਰੀ

11/14/2017 3:22:27 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਸੁਖਦੇਵ ਸਿੰਘ ਪੀ. ਸੀ. ਐੱਸ. ਐਡੀਸ਼ਨਲ ਡਿਸਟ੍ਰਿਕਟ ਜੱਜ ਬਰਨਾਲਾ ਦੀ ਅਦਾਲਤ ਨੇ ਫੌਜਦਾਰੀ ਵਕੀਲ ਸਤਨਾਮ ਸਿੰਘ ਰਾਹੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਰਾਜਪਾਲ (ਕਾਲਪਨਿਕ ਨਾਮ) ਨੂੰ ਜਬਰ-ਜ਼ਨਾਹ ਦੇ ਦੋਸ਼ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।  ਪੁਲਸ ਕਹਾਣੀ ਅਨੁਸਾਰ ਪੀੜਤਾ ਦੇ ਪਿਤਾ ਨੇ 19 ਜੂਨ ਨੂੰ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ (16) ਦੀ 10ਵੀਂ ਦੀ ਫਾਈਨਲ ਪ੍ਰੀਖਿਆ ਵਿਚ ਰੀ-ਅਪੀਅਰ ਆਈ ਸੀ, ਜਿਸ ਕਾਰਨ ਉਸ ਨੂੰ 2 ਦਿਨ ਦੀ ਕਲਾਸ ਲਾਉਣ ਲਈ ਚੰਡੀਗੜ੍ਹ ਜਾਣਾ ਪਿਆ। ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਉਸ ਦੀ ਲੜਕੀ ਘਰ ਵਿਚ ਇਕੱਲੀ ਸੀ। ਕਰੀਬ 3 ਵਜੇ ਉਸ ਦੀ ਲੜਕੀ ਦਾ ਫੋਨ ਆਇਆ ਕਿ ਉਹ ਚੰਡੀਗੜ੍ਹ ਪਹੁੰਚ ਗਈ ਹੈ ਅਤੇ ਦੋ ਦਿਨ ਕਲਾਸ ਲਾ ਕੇ ਘਰ ਵਾਪਸ ਆ ਜਾਵੇਗੀ। ਉਹ ਵਾਰ-ਵਾਰ ਆਪਣੀ ਲੜਕੀ ਨੂੰ ਫੋਨ ਲਾਉਂਦੇ ਰਹੇ ਅਤੇ ਉਹ ਕਹਿੰਦੀ ਰਹੀ ਕਿ ਉਹ ਕੱਲ ਵਾਪਸ ਆ ਜਾਵੇਗੀ। ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਉਨ੍ਹਾਂ ਦੀ ਲੜਕੀ ਨੂੰ ਕੋਈ ਵਰਗਲਾ ਕੇ ਨਾਲ ਲੈ ਗਿਆ ਹੈ। 
ਇਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਰਾਜਪਾਲ (ਕਾਲਪਨਿਕ ਨਾਂ) 'ਤੇ ਮੁਕੱਦਮਾ ਦਰਜ ਕੀਤਾ ਗਿਆ। ਕੇਸ ਦੀ ਬਹਿਸ ਦੌਰਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਇਹ ਦਲੀਲਾਂ ਦਿੱਤੀਆਂ ਕਿ ਦੋਸ਼ੀ ਲੜਕੀ ਨੂੰ ਅਗਵਾ ਕਰਕੇ ਨਹੀਂ ਲੈ ਗਿਆ ਅਤੇ ਨਾ ਹੀ ਉਸ ਨਾਲ ਨਾਜਾਇਜ਼ ਤੌਰ 'ਤੇ ਸਰੀਰਕ ਸਬੰਧ ਬਣਾਏ। ਪੁਲਸ ਨੇ ਲੜਕੀ ਦਾ ਜੋ ਬਿਆਨ ਰਿਕਾਰਡ ਕੀਤਾ, ਉਹ ਪੁਲਸ ਨੇ ਆਪਣੀ ਮਰਜ਼ੀ ਅਨੁਸਾਰ ਹੀ ਰਿਕਾਰਡ ਕਰ ਲਿਆ। ਲੜਕੀ ਨੇ ਜੋ ਮੈਜਿਸਟ੍ਰੇਟ ਕੋਲ ਆਪਣਾ ਬਿਆਨ ਦਰਜ ਕਰਵਾਇਆ, ਉਹ ਪੁਲਸ ਦੇ ਬਿਆਨ ਨਾਲ ਨਹੀਂ ਮਿਲਦਾ। ਇਸ ਤੋਂ ਇਲਾਵਾ ਪੁਲਸ ਵੀ ਸਾਬਿਤ ਨਹੀਂ ਕਰ ਸਕੀ ਕਿ ਲੜਕੀ ਵਾਰਦਾਤ ਸਮੇਂ ਨਾਬਾਲਗ ਸੀ। ਜਿਸ 'ਤੇ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ।