ਢੱਡਰੀਆਂਵਾਲਿਆਂ ਨਾਲ ਪ੍ਰਮੇਸ਼ਵਰ ਦੁਆਰ ਜਾ ਕੇ ਵਿਚਾਰ ਕਰਨਗੇ ਭਾਈ ਅਜਨਾਲਾ

03/10/2020 5:48:58 PM

ਅਜਨਾਲਾ (ਗੁਰਿੰਦਰ ਸਿੰਘ ਬਾਠ) : ਪਿਛਲੇ ਸਮੇਂ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਿਚਾਲੇ ਚੱਲ ਰਿਹਾ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਜਾਣ ਦੇ ਦਿੱਤੇ ਬਿਆਨ ਤੋਂ ਬਾਅਦ ਅੱਜ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਜਾ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਵਿਚਾਰ ਚਰਚਾ ਕਰਨ ਦੀ ਗੱਲ ਆਖੀ ਹੈ। ਭਾਈ ਅਜਨਾਲਾ ਨੇ ਕਿਹਾ ਕਿ ਭਾਈ ਢੱਡਰੀਆਂਵਾਲਿਆਂ ਵੱਲੋਂ ਵਾਰ-ਵਾਰ ਪੰਥਕ ਵਿਚਾਰਾਂ ਤੋਂ ਭਗੌੜੇ ਹੋਣ ਉਪਰੰਤ ਉਨ੍ਹਾਂ ਫੈਸਲਾ ਲਿਆ ਹੈ ਕਿ ਉਹ ਗੁਰਦੁਆਰਾ ਪ੍ਰਮੇਸ਼ਵਾਰ ਦੁਆਰ ਜਾ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਪੰਥਕ ਮੁੱਦਿਆਂ 'ਤੇ ਵਿਚਾਰ ਚਰਚਾ ਕਰਨਗੇ। 

ਇਹ ਵੀ ਪੜ੍ਹੋ : ਢੱਡਰੀਆਂਵਾਲਿਆਂ ਦੀ ਜਥੇਦਾਰ ਨੂੰ ਚਿਤਾਵਨੀ, ਜੇ ਨਹੀਂ ਸੁਣੀ ਗੱਲ ਤਾਂ ਚੁੱਕਣਗੇ ਇਹ ਕਦਮ    

ਜਥੇਦਾਰ ਸਾਬਤ ਕਰਨ ਮੈਂ ਨਕਲੀ ਨਿਰੰਕਾਰੀਆ : ਢੱਡਰੀਆਂਵਾਲੇ
ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਨਕਲੀ ਨਿਰੰਕਾਰੀਆ ਕਿਹਾ ਗਿਆ ਹੈ, ਇਸ ਲਈ ਜਾਂ ਤਾਂ ਉਹ ਆਪਣੇ ਕਹੇ ਸ਼ਬਦ ਸਾਬਿਤ ਕਰਕੇ ਦਿਖਾਉਣ ਨਹੀਂ ਤਾਂ ਉਹ ਲਾਈਵ ਚੈਨਲਾਂ ਦੀਆਂ ਵੈਨਾਂ ਲੈ ਕੇ ਜੱਥੇਦਾਰ ਦੇ ਘਰ ਤੱਕ ਪਹੁੰਚ ਜਾਣਗੇ ਅਤੇ ਜੋ ਇਸ ਸਬੰਧੀ ਚੈਨਲਾਂ 'ਤੇ ਸੰਵਾਦ ਹੋਵੇਗਾ ਉਹ ਸਾਰੀ ਦੁਨੀਆ ਦੇਖੇਗੀ।

ਕੀ ਹੈ ਢੱਡਰੀਆਂਵਾਲਿਆਂ ਦਾ ਵਿਵਾਦ
ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਵਲੋਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ 'ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ। ਇਸ ਦੌਰਾਨ ਦਮਦਮੀ ਟਕਸਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਖੁੱਲ੍ਹੇ ਤੌਰ 'ਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਦੀਵਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਵਾਦ ਦੇ ਨਬੇੜੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭਾਈ ਢੱਡਰੀਆਂਵਾਲਿਆਂ ਨਾਲ ਗੱਲਬਾਤ ਲਈ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ਸਾਹਮਣੇ ਪੇਸ਼ ਹੋਣ ਤੋਂ ਭਾਈ ਢੱਡਰੀਆਂਵਾਲਿਆਂ ਨੇ ਇਨਕਾਰ ਕਰ ਦਿੱਤਾ ਸੀ। ਢੱਡਰੀਆਂਵਾਲਿਆਂ ਦਾ ਕਹਿਣਾ ਸੀ ਕਿ ਜਥੇਦਾਰ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਬੀਲ ਦੇ ਨਾਂ 'ਤੇ ਉਨ੍ਹਾਂ ਦੇ ਇਕ ਸਿੱਖ ਸਾਥੀ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਜਥੇਦਾਰ ਵਲੋਂ ਇਸ ਦੀ ਨਿੰਦਾ ਤਕ ਨਹੀਂ ਕੀਤੀ ਗਈ। ਆਖਿਰ ਢੱਡਰੀਆਂਵਾਲਿਆਂ ਨੇ ਇਹ ਆਖ ਕੇ ਆਪਣੇ ਦੀਵਾਨ ਵੀ ਤਿਆਗ ਦਿੱਤੇ ਕਿ ਉਹ ਨਹੀਂ ਚਾਹੁੰਦੇ ਕਿ ਦੀਵਾਨ ਦੌਰਾਨ ਕਿਸੇ ਕਿਸਮ ਦਾ ਖੂਨ ਖਰਾਬਾ ਹੋਵੇ ਜਾਂ ਕਿਸੇ ਦੀ ਗ੍ਰਿਫਤਾਰੀ ਹੋਵੇ। 

Gurminder Singh

This news is Content Editor Gurminder Singh