ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ''ਤੇ ਚਰਚਾ ਲਈ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਸਰਕਾਰ : ਬਰਗਾੜੀ ਮੋਰਚਾ ਕਮੇਟੀ

07/27/2018 6:00:45 AM

ਚੰਡੀਗੜ੍ਹ(ਭੁੱਲਰ)-ਬਰਗਾੜੀ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਬਹਿਬਲਕਲਾਂ ਵਿਚ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਫਾਇਰਿੰਗ ਦੇ ਮਾਮਲੇ ਨੂੰ ਲੈ ਕੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬਣੇ ਕਮਿਸ਼ਨ ਦੀ ਜਾਂਚ ਰਿਪੋਰਟ 'ਤੇ ਚਰਚਾ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਕੈਪਟਨ ਸਰਕਾਰ ਨੂੰ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਤੁਰੰਤ ਸੱਦਣਾ ਚਾਹੀਦਾ ਹੈ। ਇਹ ਮੰਗ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਬਰਗਾੜੀ ਵਿਚ ਮੋਰਚਾ ਲਾਈ ਬੈਠੇ ਸਰਵਹਿਤ ਖਾਲਸਾ ਨਾਲ ਸਬੰਧਤ ਸਿੱਖ ਜਥੇਬੰਦੀਆਂ ਦੀ ਕਮੇਟੀ ਵਲੋਂ ਕੀਤੀ ਗਈ ਹੈ। ਇਸ ਕਮੇਟੀ ਨਾਲ ਸਬੰਧਤ ਸੀਨੀਅਰ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਇਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਵਲੋਂ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਧਾਨਸਭਾ ਸੈਸ਼ਨ 'ਚ ਪੇਸ਼ ਕਰਨ ਦਾ ਐਲਾਨ ਸਹੀ ਕਦਮ ਹੈ ਪਰ ਇਹ ਸੈਸ਼ਨ ਸਤੰਬਰ ਮਹੀਨੇ ਹੋਣਾ ਹੈ, ਜਿਸ ਕਾਰਨ ਮਾਮਲੇ ਵਿਚ ਹੋਰ ਦੇਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਇਸ ਸੈਸ਼ਨ ਤੋਂ ਪਹਿਲਾਂ ਤੁਰੰਤ ਇਕ ਵਿਸ਼ੇਸ਼ ਸੈਸ਼ਨ ਜਾਂਚ ਰਿਪੋਰਟ 'ਤੇ ਚਰਚਾ ਲਈ ਸੱਦਣਾ ਚਾਹੀਦਾ ਹੈ। ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਭਾਵੇਂ ਹਾਲੇ ਰਿਪੋਰਟ ਜਨਤਕ ਨਹੀਂ ਹੋਈ ਪਰ ਮੀਡੀਆ ਰਿਪੋਰਟਾਂ ਅਨੁਸਾਰ ਚਰਚਾ ਹੈ ਕਿ ਜਾਂਚ ਰਿਪੋਰਟ ਸਿੱਧੀ ਡੇਰਾ ਸਿਰਸਾ ਵੱਲ ਜਾਂਦੀ ਹੈ ਤੇ ਇਸ ਵਿਚ ਡੇਰਾ ਪ੍ਰਮੁੱਖ ਦਾ ਨਾਂ ਵੀ ਆ ਰਿਹਾ ਹੈ। ਇਸ ਤੋਂ ਇਲਾਵਾ ਬਾਦਲ ਸਰਕਾਰ ਦੇ ਸਮੇਂ ਮੁੱਖ ਮੰਤਰੀ ਦੇ ਉਪ ਮੁੱਖ ਮੰਤਰੀ ਦੀ ਵੀ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿਚ ਭੂਮਿਕਾ ਸਾਹਮਣੇ ਆ ਰਹੀ ਹੈ, ਜਿਸ ਕਰਕੇ ਵਿਧਾਨਸਭਾ ਵਿਚ ਜਾਂਚ ਰਿਪੋਰਟ 'ਤੇ ਚਰਚਾ ਹੋਣ ਨਾਲ ਸਾਰੀ ਅਸਲੀਅਤ ਸਾਹਮਣੇ ਆ ਜਾਵੇਗੀ। ਉਨ੍ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਬਰਗਾੜੀ ਮੋਰਚੇ ਪਿੱਛੇ ਰਾਜ ਦੀ ਕਾਂਗਰਸ ਸਰਕਾਰ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਨੂੰ ਵੀ ਪੂਰੀ ਤਰ੍ਹਾਂ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਮੋਰਚੇ ਲਈ ਲੰਗਰ ਪਾਣੀ ਪਿੰਡਾਂ ਤੋਂ ਆ ਰਿਹਾ ਹੈ ਤੇ ਟੈਂਟ ਵਗੈਰਾ ਦਾ ਖਰਚਾ ਸੰਤ ਸਮਾਜ ਵਲੋਂ ਦਿੱਤਾ ਜਾ ਰਿਹਾ ਹੈ। ਬਰਗਾੜੀ ਮੋਰਚਾ ਕਮੇਟੀ ਦੇ ਆਗੂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਜਦ ਤੱਕ ਸਰਕਾਰ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਮੋਰਚਾ ਹਰ ਹਾਲਤ ਵਿਚ ਜਾਰੀ ਰਹੇਗਾ।