ਰਾਣੀ ਦੀਆਂ ਅੱਖਾਂ ’ਚ ਹੁਣ ਰੌਸ਼ਨੀ ਦੀ ਉਮੀਦ ਨਹੀਂ, ਨਾਡ਼ਾਂ ਹੋਈਆਂ ਡੈਮੇਜ

06/15/2019 3:53:18 AM

ਅੰਮ੍ਰਿਤਸਰ, (ਸਫਰ)- ਜਲੰਧਰ ਦੇ ਸਿਵਲ ਹਸਪਤਾਲ ਤੋਂ ਰੈਫਰ ਹੋ ਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੀ ਪ੍ਰੇਮੀ ਦੇ ਅੱਤਿਅਾਚਾਰਾਂ ਦੀ ਸ਼ਿਕਾਰ ਰਾਣੀ ਗੌਤਮ ਦੀਆਂ ਦੋਵੇਂ ਅੱਖਾਂ ’ਚ ਹੁਣ ਰੌਸ਼ਨੀ ਦੀ ਉਮੀਦ ਨਹੀਂ ਬਚੀ। ਅੱਖਾਂ ਦੀਆਂ ਨਾਡ਼ਾਂ ਡੈਮੇਜ ਹੋ ਚੁੱਕੀਆਂ ਹਨ। ਅੰਮ੍ਰਿਤਸਰ ਦੇ ਈ. ਐੱਨ. ਟੀ. ਹਸਪਤਾਲ ਤੋਂ ਅੱਜ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੱਖਾਂ ਨੂੰ ਰੌਸ਼ਨੀ ਦੇਣ ਵਾਲੀਆਂ ਨਾਡ਼ਾਂ ਕੱਟੀਆਂ ਗਈਆਂ ਹਨ, ਵਾਰ ਤੇਜ਼ਾਬ ਤੋਂ ਵੀ ਵੱਧ ਖਤਰਨਾਕ ਸਨ। ਅੱਖਾਂ ਦੀਆਂ ਪੁਤਲੀਆਂ ਦੇ ਹੇਠਲੇ ਹਿੱਸੇ ’ਚ ਜ਼ਖਮ ਇੰਨੇ ਡੂੰਘੇ ਹਨ ਕਿ ਡਾਕਟਰ ਵੀ ਇਲਾਜ ਕਰਦੇ ਸਮੇਂ ਅਜਿਹੀ ‘ਦਰਿੰਦਗੀ’ ਦੇਖ ਕੇ ਹੈਰਾਨ ਸਨ। ਰਾਣੀ ਨਾਲ ਇਹ ਬੇਰਹਿਮੀ 12 ਜੂਨ ਰਾਤ 11 ਵਜੇ ਹੋਈ, 13 ਨੂੰ ਪਤਾ ਲੱਗਾ। ਜਲੰਧਰ ਤੋਂ 13 ਜੂਨ ਨੂੰ ਘਟਨਾ ਦੇ 13 ਘੰਟੇ ਬਾਅਦ ਰਾਣੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਜਲੰਧਰ ਤੋਂ ਪਹੁੰਚੀ। ਕਰੀਬ 7 ਘੰਟੇ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਡਾਕਟਰਾਂ ਦੀ ਟੀਮ ਨੇ ਰਾਣੀ ਨੂੰ ਈ. ਐੱਨ. ਟੀ. ਰੈਫਰ ਕਰ ਦਿੱਤਾ। 13 ਜੂਨ ਰਾਤ 8 ਵਜੇ ਤੋਂ 14 ਜੂਨ ਦੁਪਹਿਰ 12 ਵਜੇ ਤੱਕ ਅੰਮ੍ਰਿਤਸਰ ਦੇ ਡਾਕਟਰਾਂ ਨੇ ਆਪਣੀ ਕੋਸ਼ਿਸ਼ ਕੀਤੀ ਅਤੇ ਅਖੀਰ ’ਚ ਉਨ੍ਹਾਂ ਉਸ ਨੂੰ ਪੀ. ਜੀ. ਆਈ. ਰੈਫਰ ਕਰਨਾ ਹੀ ਉਚਿਤ ਸਮਝਿਆ।

ਮੇਰੇ ਕੋਲ ਮਾਂ ਦੇ ਇਲਾਜ ਲਈ ਪੈਸੇ ਨਹੀਂ : ਕਿਸ਼ਨ ਲਾਲ

ਰਾਣੀ ਦਾ ਬੇਟਾ ਕਿਸ਼ਨ ਲਾਲ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਮਾਂ ਦੇ ਇਲਾਜ ਲਈ ਪੈਸੇ ਹੀ ਨਹੀਂ ਹਨ। ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ, ਡਰਾਈਵਰ ਹਾਂ। ਮਾਂ 13 ਮਹੀਨਿਆਂ ਤੋਂ ਵਿਜੇ ਕੋਲ ਰਹਿ ਰਹੀ ਸੀ। ਮੈਂ ਕਈ ਵਾਰ ਉਸ ਨੂੰ ਵਾਪਸ ਬੁਲਾਇਆ ਪਰ ਕੀ ਕਰੀਏ ਵਕਤ ਨੇ ਜਿਵੇਂ ਉਨ੍ਹਾਂ ਦੀਆਂ ਅੱਖਾਂ ’ਤੇ ਪਰਦਾ ਪਾ ਰੱਖਿਆ ਸੀ, ਉਸ ਨੇ ਸਾਡੇ ਤੋਂ ਅੱਖਾਂ ਫੇਰ ਲਈਆਂ ਪਰ ਹੈ ਤਾਂ ਮੇਰੀ ਮਾਂ। ਮੈਂ ਕਿਵੇਂ ਉਸ ਦਾ ਇਲਾਜ ਕਰਵਾਵਾਂ, ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹਨ। ਪਿਤਾ ਚੂਨਾ ਲਾਲ ਗੌਤਮ ਪਿੰਡ (ਬਹਰਾਇਚ) ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਫੋਨ ’ਤੇ ਜਾਣਕਾਰੀ ਦੇ ਦਿੱਤੀ ਗਈ ਹੈ। ਪੰਜਾਬ ’ਚ ਮਿਲਜੁਲ ਕੇ ਕੁਝ ਰਿਸ਼ਤੇਦਾਰ ਜ਼ਰੂਰ ਰਹਿੰਦੇ ਹਨ ਪਰ ਉਹ ਵੀ ਰੋਜ਼ ਕਮਾਉਣ ਅਤੇ ਰੋਜ਼ ਖਾਣ ਵਾਲਿਆਂ ’ਚੋਂ ਹਨ, ਅਜਿਹੇ ’ਚ ਮਾਂ ਦੇ ਇਲਾਜ ਲਈ ਦਵਾਈ ਦੀ ਲੋੜ ਹੈ, ਪੈਸਾ ਮੇਰੇ ਕੋਲ ਹੈ ਨਹੀਂ।

ਰਾਣੀ ਕਹਿੰਦੀ ਸੀ- ਆਪ ਲਾਵਾਂਗੀ ਧੀ ਨੂੰ ਸ਼ਗਨ ਦੀ ਮਹਿੰਦੀ

ਰਾਣੀ ਦੀ ਧੀ ਆਰਤੀ ਲਈ ਰਿਸ਼ਤੇ ਦੀ ਗੱਲ ਪਿੰਡ (ਬਹਰਾਇਚ) ਵਿਚ ਚੱਲ ਰਹੀ ਸੀ। ਰਾਣੀ ਨੇ ਹੀ ਰਿਸ਼ਤਾ ਪਸੰਦ ਕਰਦਿਆਂ ਕਿਹਾ ਸੀ ਕਿ ਮੈਂ ਆਪਣੀ ਧੀ ਨੂੰ ਸ਼ਗਨ ਦੀ ਮਹਿੰਦੀ ਲਾਵਾਂਗੀ ਪਰ ਇਸ ਤੋਂ ਪਹਿਲਾਂ ਹੀ ਰਾਣੀ ਨੇ ਆਪਣੀ ਮੁਹੱਬਤ ਦਾ ‘ਰਾਜਾ’ ਵਿਜੇ ਨੂੰ ਚੁਣਿਆ। ਵਿਜੇ ਨਾਲ 13 ਮਹੀਨੇ ਰਹੀ। ਇਸ ਵਿਚ ਰਾਣੀ ਦਾ ਕਰੀਬ 80 ਹਜ਼ਾਰ ਰੁਪਏ ਨੂੰ ਲੈ ਕੇ ਵਿਜੇ ਨਾਲ ਵਿਵਾਦ ਹੋਇਆ ਤਾਂ ਵਿਜੇ ਦਾ ਸਾਥ ਦੇਣ ਉਸ ਦਾ ਸਾਲਾ ਸ਼ੰਕਰ ਅਤੇ ਉਸ ਦੀ ਪਤਨੀ ਗੀਤਾ ਵੀ ਇਕੱਠੇ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵਿਜੇ ਅਤੇ ਸ਼ੰਕਰ ਨੇ ਨਸ਼ਾ ਕਰ ਰੱਖਿਆ ਸੀ, ਅਜਿਹਾ ਰਾਣੀ ਦੱਸ ਰਹੀ ਹੈ। ਰਾਣੀ ਰਿਸ਼ਤੇ ’ਚ ਗੀਤਾ ਦੀ ਨਣਾਨ ਲੱਗਦੀ ਸੀ ਅਤੇ ਨਣਾਨ ਨੇ ਆਪਣੇ ਪਤੀ ਅਤੇ ਨਣਦੋਈਏ ਨਾਲ ਮਿਲ ਕੇ ਰਾਣੀ ਦੀਆਂ ਦੋਵੇਂ ਅੱਖਾਂ ਕੱਢ ਲਈਆਂ। ਅਜਿਹੇ ’ਚ ਹੁਣ ਸ਼ਾਇਦ ਹੀ ਰਾਣੀ ਧੀ ਦਾ ਕੰਨਿਆਦਾਨ ਸ਼ਾਇਦ ਹੀ ਦੇਖ ਸਕੇ।

ਕੀ ਮੇਰੀ ਮਾਂ ਦੇਖ ਸਕੇਗੀ ਡਾਕਟਰ ਸਾਹਿਬ : ਆਰਤੀ

ਰਾਣੀ ਦੀ ਛੋਟੀ ਧੀ ਆਰਤੀ ਦਾ ਮਾਂ ਨੂੰ ਦੇਖ ਕੇ ਬੁਰਾ ਹਾਲ ਹੈ। ਉਹ ਸਵੇਰ ਤੋਂ ਹੀ ਡਾਕਟਰਾਂ ਤੋਂ ਇਹੀ ਪੁੱਛ ਰਹੀ ਸੀ ਕਿ ‘ਕੀ ਮੇਰੀ ਮਾਂ ਦੀ ਰੌਸ਼ਨੀ ਦੁਬਾਰਾ ਆ ਸਕੇਗੀ, ਕੀ ਮੇਰੀਆਂ ਅੱਖਾਂ ਨਾਲ ਮਾਂ ਦੇਖ ਸਕੇਗੀ। ਹਾਲਾਂਕਿ ਇਸ ਸਵਾਲ ਦਾ ਜਵਾਬ ਇਲਾਜ ਕਰ ਰਹੇ ਈ. ਐੱਨ. ਟੀ. ਦੇ ਅਸਿਸਟੈਂਟ ਪ੍ਰੋ. ਡਾ. ਰਾਜੇਸ਼ ਕੁਮਾਰ ਕੋਲ ਵੀ ਨਹੀਂ ਸੀ।

ਡਾਕਟਰਾਂ ਨੇ ਕਰਮ ਕੀਤਾ, ਜਿੱਤ ਉਪਰ ਵਾਲੇ ਦੇ ਹੱਥ ’ਚ : ਡਾ. ਕਰਮਜੀਤ

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਈ. ਐੱਨ. ਟੀ. ਦੇ ਡਾ. ਕਰਮਜੀਤ ਸਿੰਘ ਕਹਿੰਦੇ ਹਨ ਕਿ ਡਾਕਟਰਾਂ ਨੇ ਤਾਂ ਆਪਣਾ ਕਰਮ ਕੀਤਾ ਪਰ ਜਿੱਤ ਤਾਂ ਉਪਰ ਵਾਲੇ ਦੇ ਹੱਥ ਵਿਚ ਹੈ। ਦੁਪਹਿਰ ਕਰੀਬ 12 ਵਜੇ ਰਾਣੀ ਨੂੰ ਪੀ. ਜੀ. ਆਈ. ਲਈ ਰੈਫਰ ਕੀਤਾ ਗਿਆ। ਰਾਣੀ ਦੀਆਂ ਦੋਵਾਂ ਅੱਖਾਂ ਨੂੰ ਕੱਢਣ ’ਚ ਇੰਨੀ ਬੇਰਹਿਮੀ ਕੀਤੀ ਗਈ ਕਿ ਅੱਖਾਂ ਨੂੰ ਰੌਸ਼ਨੀ ਦੇਣ ਵਾਲੀਆਂ ਨਾਡ਼ਾਂ ਡੈਮੇਜ ਹੋ ਗਈਆਂ ਹਨ, ਕੋਈ ਕ੍ਰਿਸ਼ਮਾ ਹੀ ਰਾਣੀ ਨੂੰ ਰੌਸ਼ਨੀ ਦੇ ਸਕਦਾ ਹੈ ਕਿਉਂਕਿ ਹਾਲਾਤ ਅਜਿਹੇ ਹਨ ਕਿ ਅੱਖਾਂ ਦੀਆਂ ਪੁਤਲੀਆਂ ਬਦਲੀਆਂ ਨਹੀਂ ਜਾ ਸਕਦੀਆਂ ਕਿਉਂਕਿ ਪਿੱਛੋਂ ਨਾਡ਼ਾਂ ਹੀ ਕੰਮ ਨਹੀਂ ਕਰ ਰਹੀਆਂ।

Bharat Thapa

This news is Content Editor Bharat Thapa