ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ, ਕੀਤੀ ਇਹ ਸ਼ਿਕਾਇਤ

03/15/2022 9:45:31 AM

ਜਲੰਧਰ (ਧਵਨ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨਾਂ ਵਿਚ ਬਾਦਲ ਪਰਿਵਾਰ ਪ੍ਰਤੀ ਸਨੇਹ ਦਿਖਦਾ ਹੈ। ਰੰਧਾਵਾ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੁੱਚੀ ਸਿੱਖ ਕੌਮ ਦੇ ਜਥੇਦਾਰ ਹਨ ਅਤੇ ਉਨ੍ਹਾਂ ਦੇ ਬਿਆਨਾਂ ਨਾਲ ਅਜਿਹਾ ਮਹਿਸੂਸ ਨਹੀਂ ਹੋਣਾ ਚਾਹੀਦਾ, ਜਿਸ ਨਾਲ ਬਾਦਲ ਪਰਿਵਾਰ ਪ੍ਰਤੀ ਸਨੇਹ ਦੀ ਭਾਵਨਾ ਸਾਹਮਣੇ ਆਏ।

ਇਹ ਵੀ ਪੜ੍ਹੋ : ਸੰਗਰੂਰ ਵਿਖੇ ਭਿਆਨਕ ਸੜਕ ਹਾਦਸੇ 'ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਿੱਤੇ ਸੰਦੇਸ਼ ਅਤੇ ਸੁਝਾਵਾਂ ’ਤੇ ਅੱਜ ਰੰਧਾਵਾ ਨੇ ਉਨ੍ਹਾਂ ਨੂੰ ਚਿੱਠੀ ਭੇਜੀ। ਉਨ੍ਹਾਂ ਆਪਣੀ ਚਿੱਠੀ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਤੇ ਬਿਆਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜਿਸ ਨਾਲ ਬਾਦਲ ਪਰਿਵਾਰ ਪ੍ਰਤੀ ਸਨੇਹ ਦੀ ਭਾਵਨਾ ਪ੍ਰਗਟ ਹੋਵੇ। ਚਿੱਠੀ ਵਿਚ ਰੰਧਾਵਾ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਆਦਿ ਭਾਜਪਾ ਵਿਚ ਸ਼ਾਮਲ ਹੋਣ ’ਤੇ ਚਿੰਤਾ ਪ੍ਰਗਟਾਈ ਸੀ ਅਤੇ ਕੌਮ ਨੂੰ ਸੰਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਜੋ ਕਿ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਹੈ। ਉਸ ਸੰਦੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) 8 ਜਨਵਰੀ ਤੋਂ ਚੋਣਾਂ ਦੇ ਮੈਦਾਨ ਵਿਚ ਉਤਰ ਗਿਆ। ਚਿੱਠੀ ਵਿਚ ਰੰਧਾਵਾ ਨੇ ਕਿਹਾ ਕਿ ਤੁਸੀਂ ਇਹ ਬਿਆਨ ਦਿੱਤਾ ਕਿ ਪੰਜਾਬ ਇਕ ਬਹੁਗਿਣਤੀ ਵਾਲਾ ਸੂਬਾ ਹੈ। ਇਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਅਤੇ ਪੰਥ ਨੂੰ ਬਾਦਲ ਅਕਾਲੀ ਦਲ ਨੇ ਵਸਾਇਆ ਹੈ। ਰੰਧਾਵਾ ਨੇ ਕਿਹਾ ਕਿ ਪਿਛਲੀਆਂ ਅਤੇ ਮੌਜੂਦਾ ਚੋਣਾਂ ਵਿਚ ਜਿਸ ਤਰ੍ਹਾਂ ਪਰੰਪਰਾਵਾਂ, ਮਰਿਆਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਦਰਕਿਨਾਰ ਕਰ ਕੇ ਅਕਾਲੀ ਦਲ ਨੇ ਡੇਰਾ ਸਿਰਸਾ ਦੀ ਹਮਾਇਤ ਲਈ ਹੈ, ਉਸ ਨੂੰ ਦੇਖਦੇ ਹੋਏ ਸਿੱਖ ਪੰਥ ਨੇ ਹੁਣ ਅਕਾਲੀ ਦਲ ਨੂੰ ਕਰਾਰਾ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ : ‘ਆਪ’ ਤੇ ਅਕਾਲੀ ਦਲ ਨੂੰ ਲਪੇਟੇ ’ਚ ਲੈਂਦਿਆਂ ਖਹਿਰਾ ਨੇ ਕੀਤਾ ਭੁਲੱਥ ਦੇ ਲੋਕਾਂ ਦਾ ਧੰਨਵਾਦ

ਰੰਧਾਵਾ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਪੰਥ ਨੂੰ ਇਕੱਲੇ ਬਾਦਲਾਂ ਤੱਕ ਨਾ ਸਮੇਟਿਆ ਜਾਵੇ। ਤੁਸੀਂ ਜਦੋਂ 1920 ਦੀ ਗੱਲ ਕਰਦੇ ਹੋ ਤਾਂ ਉਸ ਸਮੇਂ ਜਥੇਦਾਰ ਸਾਹਿਬਾਨਾਂ ਨੇ ਸਾਰੇ ਵਰਗਾਂ ਦੇ ਸੂਝਵਾਨ ਜਿਸ ਵਿਚ ਰਾਜ ਹਮਾਇਤੀ, ਵਿਰੋਧੀ ਪੱਖ, ਸਿੱਖ ਸੰਸਥਾਵਾਂ, ਚੀਫ ਖਾਲਸਾ ਦੀਵਾਨ, ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸੀ। ਸਿੱਖ ਕੌਮ ਨੂੰ ਬਾਦਲ ਦਲ ਪਿਛਲੇ 50 ਸਾਲਾਂ ਤੋਂ ਸੱਟ ਮਾਰਦਾ ਆਇਆ ਹੈ ਅਤੇ ਹੁਣ ਸਿੱਖ ਸੰਗਤ ਨੇ ਉਸ ਨਾਲੋਂ ਪੂਰੀ ਤਰ੍ਹਾਂ ਨਾਲ ਨਾਤਾ ਤੋੜ ਲਿਆ ਹੈ। ਪੰਥ ਦਾ ਨੁਕਸਾਨ ਹਮੇਸ਼ਾ ਬਾਦਲ ਦੇ ਸ਼ਾਸਨਕਾਲ ਵਿਚ ਹੀ ਹੋਇਆ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਅਾਂ ਘਟਨਾਵਾਂ ਵੀ ਬਾਦਲ ਦਲ ਦੇ ਕਾਰਜਕਾਲ ਵਿਚ ਹੋਈਆਂ। ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਤੁਸੀਂ ਸਮੁੱਚੀ ਸਿੱਖ ਕੌਮ ਦੇ ਜਥੇਦਾਰ ਹੋ ਅਤੇ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਦਾ ਧਿਆਨ ਰੱਖਣਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha