ਜਥੇਦਾਰ ਇੰਦਰਜੀਤ ਜ਼ੀਰਾ ਦੇ ਅਕਾਲ ਚਲਾਣੇ ’ਤੇ ਰੰਧਾਵਾ ਵਲੋਂ ਦੁੱਖ ਦਾ ਪ੍ਰਗਟਾਵਾ

05/12/2021 1:00:22 PM

ਚੰਡੀਗੜ੍ਹ (ਬਿਊਰੋ) : ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਦੇ ਬੇਵਕਤੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਰੰਧਾਵਾ ਨੇ ਕਿਹਾ ਕਿ ਜਿੱਥੇ ਇਹ ਸੂਬੇ, ਪਾਰਟੀ ਅਤੇ ਜ਼ੀਰਾ ਪਰਿਵਾਰ ਲਈ ਵੱਡਾ ਘਾਟਾ ਹੈ, ਉਥੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਜ਼ੀਰਾ ਨੂੰ ਜ਼ਮੀਨ ਨਾਲ ਜੁੜਿਆ ਅਤੇ ਕਿਸਾਨਾਂ ਤੇ ਕਿਸਾਨੀ ਹੱਕਾਂ ਲਈ ਮੋਹਰੀ ਹੋ ਕੇ ਲੜਨ ਵਾਲਾ ਧੜੱਲੇਦਾਰ ਆਗੂ ਦੱਸਦਿਆਂ ਕਿਹਾ ਕਿ ਉਹ ਆਪਣੀ ਗੱਲ ਬੇਬਾਕੀ ਨਾਲ ਕਰਨ ਲਈ ਜਾਣੇ ਜਾਂਦੇ ਸਨ, ਜਿਨ੍ਹਾਂ ਰਾਜਨੀਤੀ ਕਰਦਿਆਂ ਆਪਣੇ ਅਸੂਲਾਂ ਨਾਲ ਕਿਤੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦੇ ਬੇਵਕਤੇ ਤੁਰ ਜਾਣ ਨਾਲ ਰਾਜਨੀਤੀ ਖੇਤਰ ’ਚ ਵੱਡਾ ਖਲਾਅ ਪੈਦਾ ਹੋ ਗਿਆ, ਜੋ ਜਲਦੀ ਪੂਰਿਆਂ ਨਹੀਂ ਜਾਣਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਜ ਇਕ ਸੁਹਿਰਦ ਆਗੂ ਗੁਆ ਲਿਆ। ਰੰਧਾਵਾ ਨੇ ਕਿਹਾ ਕਿ ਪੰਜਾਬ ਅਤੇ ਕਾਂਗਰਸ ਪਾਰਟੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਵਲੋਂ ਦਿੱਤੀ 2 ਕਰੋੜ ਦੀ ਮਦਦ ’ਤੇ ਜਾਗੋ ਪਾਰਟੀ ਨੇ ਜਤਾਇਆ ਇਤਰਾਜ਼, ਜੀ. ਕੇ. ਨੇ ਕੀਤਾ ਵੱਡਾ ਐਲਾਨ

ਇਸ ਮੌਕੇ ਉਨ੍ਹਾਂ ਵਿੱਛੜੇ ਹੋਏ ਆਗੂ ਦੇ ਸਪੁੱਤਰ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਮੁੱਚੇ ਪਰਿਵਾਰ, ਉਨ੍ਹਾਂ ਦੇ ਸਾਕ-ਸਨੇਹੀਆਂ, ਮਿੱਤਰਾਂ ਅਤੇ ਸਮਰਥਕਾਂ ਨਾਲ ਵੀ ਦੁੱਖ ਸਾਂਝਾ ਕੀਤਾ। ਰੰਧਾਵਾ ਨੇ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇੱਥੇ ਦੱਸ ਦਈਏ ਕਿ ਅੱਜ ਫਿਰੋਜ਼ਪੁਰ 'ਚ ਜੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਅਤੇ ਸਾਬਕਾ ਮੰਤਰੀ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੱਜ ਸਵੇਰੇ ਮੋਹਾਲੀ ਵਿਖੇ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਪਿਛਲੇ ਕੁੱਝ ਸਮੇਂ ਉਨ੍ਹਾਂ ਦਾ ਬੀਮਾਰੀ ਕਾਰਨ ਇਲਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਕਿਸਾਨੀ ਲਹਿਰ ’ਚ ਹੋਇਆ ਗੈਂਗਰੇਪ, ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ : ਅਸ਼ਵਨੀ ਸ਼ਰਮਾ

Anuradha

This news is Content Editor Anuradha