ਰਾਣਾ ਕੇ. ਪੀ. ਸਿੰਘ ਨੇ ਦਲ ਬਦਲੀ ਕਾਨੂੰਨ ਬਾਰੇ ਕਿਤਾਬ ਕੀਤੀ ਰਿਲੀਜ਼

11/29/2017 12:22:49 AM

ਚੰਡੀਗੜ੍ਹ (ਭੁੱਲਰ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅੱਜ ਆਪਣੇ ਦਫਤਰ ਵਿਖੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਲ ਬਦਲੀ ਕਾਨੂੰਨ ਸਬੰਧੀ ਲਿਖੀ ਕਿਤਾਬ (ਐਂਟੀ ਡਿਫੈਕਸ਼ਨ ਲਾਅ) ਜਾਰੀ ਕੀਤੀ। ਕਿਤਾਬ ਦੇ ਲੇਖਕ ਸੰਵਿਧਾਨਕ ਅਤੇ ਅਪਰਾਧਿਕ ਕਾਨੂੰਨ ਮਾਮਲਿਆਂ ਦੇ ਮਾਹਿਰ ਅਤੇ ਪੁਲਸ ਪ੍ਰਬੰਧਨ ਵਿਚ ਡਾਕਟਰੇਟ ਹਨ।
ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਭਾਰਤ ਵਿਚ ਸੰਵਿਧਾਨਕ ਲੋਕਤੰਤਰ ਦੇ ਸਬੰਧ ਵਿਚ ਦਲ ਬਦਲੀ ਕਾਨੂੰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਲੇਖਕ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਰਾਜਨੀਤੀ ਸ਼ਾਸਤਰ ਅਤੇ ਸੰਵਿਧਾਨ ਨਾਲ ਸਬੰਧਤ ਕਾਨੂੰਨਾਂ ਦੇ ਖੇਤਰ ਵਿਚ ਜ਼ਿਕਰਯੋਗ ਸਾਹਿਤਕ ਵਾਧਾ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਗੁੰਝਲਦਾਰ ਸੰਵਿਧਾਨਕ ਮੁੱਦਿਆਂ 'ਤੇ ਲਿਖਣਾ ਸੌਖਾ ਕੰਮ ਨਹੀਂ ਹੈ ਪਰ ਲੇਖਕ ਨੇ ਸੌਖੇ ਸ਼ਬਦਾਂ ਵਿਚ ਇਹ ਕਿਤਾਬ ਲਿਖ ਕੇ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੌਤ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਵਿਧਾਇਕ ਡਾ. ਰਾਜਕੁਮਾਰ ਵੇਰਕਾ, ਸੁਰਿੰਦਰ ਡਾਬਰ, ਡਾ. ਧਰਮਬੀਰ ਅਗਨੀਹੋਤਰੀ, ਦਰਸ਼ਨ ਲਾਲ, ਸੁਨੀਲ ਦੱਤੀ, 'ਆਪ' ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਨਾਜਰ ਸਿੰਘ ਮਾਨਸ਼ਾਹੀਆ ਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਵੀ ਹਾਜ਼ਰ ਸਨ।