ਪ੍ਰਦੂਸ਼ਣ ਮਾਮਲੇ ''ਚ ਨਵਾਂ ਮੋੜ, ਮਿੱਲ ਦਾ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਂਦਾ

05/30/2018 11:37:15 AM

ਚੰਡੀਗੜ੍ਹ (ਭੁੱਲਰ) - ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਲੋਂ ਡ੍ਰੇਨ 'ਚ ਗੰਦਾ ਪਾਣੀ ਸੁੱਟ ਕੇ ਪ੍ਰਦੂਸ਼ਣ ਫੈਲਾਉਣ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਲਾਏ ਗਏ ਦੋਸ਼ਾਂ 'ਤੇ ਬੀਤੇ ਦਿਨੀਂ ਉਨ੍ਹਾਂ ਨੂੰ ਮਿੱਲ ਵਲ ਜਾਣ ਤੋਂ ਰੋਕੇ ਜਾਣ ਦੇ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਅੱਜ ਮਿੱਲ ਦੇ ਐੱਮ. ਡੀ. ਤੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਬੰਧਤ ਇਲਾਕੇ ਦੇ ਪੰਚਾਂ-ਸਰਪੰਚਾਂ ਨੂੰ ਚੰਡੀਗੜ੍ਹ ਵਿਚ ਮੀਡੀਆ ਦੇ ਰੂ-ਬਰੂ ਕਰਕੇ ਆਪਣਾ ਪੱਖ ਪੇਸ਼ ਕੀਤਾ। ਰਾਣਾ ਇੰਦਰ ਨੇ ਖਹਿਰਾ ਨੂੰ ਮਿੱਲ ਵੱਲ ਜਾਣ ਤੋਂ ਜਬਰੀ ਰੋਕੇ ਜਾਣ ਦੇ ਦੋਸ਼ਾਂ ਨੂੰ ਜਿਥੇ ਰੱਦ ਕੀਤਾ, ਉਥੇ ਨਾਲ ਹੀ ਖੁੱਲ੍ਹੀ ਪੇਸ਼ਕਸ਼ ਵੀ ਕੀਤੀ ਕਿ ਵਿਰੋਧੀ ਧਿਰ ਦੇ ਨੇਤਾ ਕਿਸੇ ਵੀ ਸਮੇਂ ਮਿੱਲ ਵਿਚ ਵਿਜ਼ਿਟ ਕਰਕੇ ਸਥਿਤੀ ਦਾ ਜਾਇਜ਼ਾ ਲੈ ਸਕਦੇ ਹਨ। ਉਨ੍ਹਾਂ ਮੀਡੀਆ ਨੂੰ ਵੀ ਖੁੱਲ੍ਹੀ ਪੇਸ਼ਕਸ਼ ਕੀਤੀ ਕਿ ਉਹ ਵੀ ਖੁਦ ਜਦੋਂ ਮਰਜ਼ੀ ਮਿੱਲ ਵਿਚ ਆ ਕੇ ਜਾਇਜ਼ਾ ਲੈ ਸਕਦੇ ਹਨ। ਰਾਣਾ ਨੇ ਪ੍ਰਦੂਸ਼ਣ ਫੈਲਾਏ ਜਾਣ ਦੇ ਦੋਸ਼ਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਮਿੱਲ ਸਬੰਧੀ ਵੀਡੀਓ ਫਿਲਮਾਂ ਦੀ ਪੇਸ਼ਕਾਰੀ ਰਾਹੀਂ ਇਹ ਸਾਬਿਤ ਕਰਨ ਦਾ ਯਤਨ ਕੀਤਾ ਕਿ ਉਨ੍ਹਾਂ ਦੀ ਮਿੱਲ ਵਿਚੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਂਦਾ। ਇਹ ਵੀ ਦਿਖਾਇਆ ਗਿਆ ਕਿ ਮਿੱਲ ਨਾਲ ਲੱਗਦੀ ਡਰੇਨ ਸੁੱਕੀ ਹੋਈ ਜਿਥੇ ਝਾੜੀਆਂ ਵਗੈਰਾ ਉਗੀਆਂ ਹਨ ਅਤੇ ਇਥੇ ਪਾਣੀ ਨਾਂ ਦੀ ਕੋਈ ਚੀਜ਼ ਨਹੀਂ ਹੈ।
ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨਿੱਜੀ ਰੰਜਿਸ਼ ਤਹਿਤ ਉਨ੍ਹਾਂ ਦੇ ਪਿਤਾ ਨੂੰ ਵਾਰ-ਵਾਰ ਨਿਸ਼ਾਨਾ ਬਣਾਉਂਦੇ ਹਨ ਤੇ ਸਿਆਸੀ ਲਾਹਾ ਲੈਣ ਲਈ ਮੀਡੀਆ ਸਾਹਮਣੇ ਡਰਾਮੇਬਾਜ਼ੀ ਕਰਦੇ ਹਨ। ਖਹਿਰਾ ਵਲੋਂ ਪਿਛਲੇ ਦਿਨਾਂ ਦੇ ਘਟਨਾਕ੍ਰਮ ਦੌਰਾਨ ਗੰਦੇ ਪਾਣੀ ਦੀ ਭਰੀ ਬੋਤਲ ਦਿਖਾ ਕੇ ਇਸ ਨੂੰ ਰਾਣਾ ਮਿੱਲ ਦਾ ਪਾਣੀ ਦੱਸਣ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹ ਬੋਤਲ ਕਿਸੇ ਹੋਰ ਥਾਂ ਤੋਂ ਭਰੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਖਹਿਰਾ ਨੈਸ਼ਨਲ ਗ੍ਰੀਨ ਟ੍ਰਿਬਿਉੂਨਲ ਵਿਚ ਚਲੇ ਗਏ ਹਨ ਤਾਂ ਹੁਣ ਉਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰਾਣਾ ਸ਼ੂਗਰ ਮਿੱਲ ਦੇ ਅੰਦਰ ਪ੍ਰਦੂਸ਼ਣ ਰੋਕਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਤੇ ਜਿਹੜਾ ਪਾਣੀ ਖਰਾਬ ਹੋ ਕੇ ਮਿੱਲ ਤੋਂ ਨਿਕਲਦਾ ਹੈ, ਉਸ ਨੂੰ ਰੀਸਾਈਕਲਿੰਗ ਕਰਨ ਦਾ ਵੀ ਪੂਰਾ ਪ੍ਰਬੰਧ ਹੈ। ਇਸ ਮੌਕੇ ਉਨ੍ਹਾਂ ਪ੍ਰਦੂਸ਼ਣ ਕੰਟ੍ਰੋਲ ਬੋਰਡ ਵਲੋਂ ਇਸ ਸਬੰਧੀ ਮਨਜ਼ੂਰੀ ਤੇ ਐੱਨ. ਓ. ਸੀ. ਦੀਆਂ ਕਾਪੀਆਂ ਵੀ ਦਿਖਾਈਆਂ। ਰਾਣਾ ਇੰਦਰ ਨੇ ਇਹ ਵੀ ਦੱਸਿਆ ਕਿ ਸ਼ੂਗਰ ਮਿੱਲ ਤੋਂ ਜਿਹੜਾ ਸੀਰਾ ਨਿਕਲਦਾ ਹੈ, ਉਸ ਨੂੰ ਬਾਜ਼ਾਰ ਵਿਚ ਵੇਚਿਆ ਜਾਂਦਾ ਹੈ ਅਤੇ ਕਿਸੇ ਵੀ ਨਦੀ-ਨਾਲੇ ਜਾਂ ਨਹਿਰ ਵਿਚ ਕੋਈ ਵੀ ਰਸਾਇਣਕ ਜਾਂ ਪ੍ਰਦੂਸ਼ਿਤ ਪਾਣੀ ਨਹੀਂ ਛੱਡਿਆ ਜਾਂਦਾ ।