ਪੁੱਤਰ ਨੂੰ ਈ. ਡੀ. ਦੇ ਸੰਮਨ ਕਾਰਨ ਗਈ ਪੰਜਾਬ ਦੇ ਦੂਜੇ ਮੰਤਰੀ ਦੀ ਕੁਰਸੀ

01/21/2018 6:27:54 AM

ਮਾਮਲਾ ਰਾਣਾ ਗੁਰਜੀਤ ਦੇ ਅਸਤੀਫੇ ਦਾ 
ਲੁਧਿਆਣਾ(ਹਿਤੇਸ਼)-ਰਾਣਾ ਗੁਰਜੀਤ ਦੇ ਅਸਤੀਫੇ ਦੇ ਬਾਅਦ ਪੁੱਤਰ ਨੂੰ ਈ. ਡੀ. ਦੇ ਸੰਮਨ ਜਾਰੀ ਹੋਣ ਕਾਰਨ ਪੰਜਾਬ 'ਚ ਕਿਸੇ ਕੈਬਨਿਟ ਮੰਤਰੀ ਦੀ ਕੁਰਸੀ ਜਾਣ ਦੀ ਲਿਸਟ 'ਚ ਦੂਜਾ ਮਾਮਲਾ ਜੁੜ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਸਰਕਾਰ ਦੇ ਸਮੇਂ ਸਰਵਨ ਸਿੰਘ ਫਿਲੌਰ ਨੂੰ ਵੀ ਈ. ਡੀ. ਦੇ ਸੰਮਨ ਕਾਰਨ ਅਸਤੀਫਾ ਦੇਣਾ ਪਿਆ ਸੀ। ਜਿਥੋਂ ਤੱਕ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦਾ ਸਵਾਲ ਹੈ, ਉਸ ਨੂੰ ਲੈ ਕੇ ਉਂਝ ਤਾਂ ਇਹ ਚਰਚਾ ਹੀ ਚੱਲ ਰਹੀ ਹੈ ਕਿ ਰੇਤ ਖੱਡ ਦੀ ਬੋਲੀ 'ਚ ਨਾਂ ਆਉਣ 'ਤੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਲਾਏ ਜਾ ਰਹੇ ਦੋਸ਼ ਭਾਰੀ ਪੈ ਗਏ ਹਨ ਪਰ ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੇ ਗਏ ਕਮਿਸ਼ਨ ਨੇ ਤਾਂ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦਿੱਤੀ ਸੀ, ਉਸਦੇ ਬਾਵਜੂਦ ਅਸਤੀਫੇ ਸਬੰਧੀ ਉਠ ਰਹੇ ਸਵਾਲਾਂ ਦੇ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਸਾਫ ਕਰ ਚੁੱਕੇ ਹਨ ਕਿ ਰਾਣਾ ਦਾ ਅਸਤੀਫਾ ਰੇਤ ਮਾਮਲੇ ਦੀ ਥਾਂ ਦੂਜੇ ਕੇਸ 'ਚ ਲਿਆ ਗਿਆ ਹੈ। ਹੁਣ ਜੇਕਰ ਦੂਜੇ ਮਾਮਲੇ ਦੀ ਗੱਲ ਕਰੀਏ ਤਾਂ ਉਹ ਈ. ਡੀ. ਵਲੋਂ ਰਾਣਾ ਗੁਰਜੀਤ ਸਿੰਘ ਨੂੰ ਜਾਰੀ ਕੀਤੇ ਗਏ ਸੰਮਨ ਦਾ ਹੈ।  ਇਸ ਤੋਂ ਸਾਫ ਹੋ ਗਿਆ ਹੈ ਕਿ ਰੇਤ ਖੱਡ ਦੀ ਬੋਲੀ ਦੇ ਮਾਮਲੇ ਵਿਚ ਜਾਰੀ ਕਲੀਨ ਚਿੱਟ ਨੂੰ ਝੁਠਲਾਉਣ ਲਈ ਖਹਿਰਾ ਵਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਲੈ ਕੇ ਆਪਣੀ ਕਿਰਕਰੀ ਹੋਣ ਤੋਂ ਕਾਂਗਰਸ ਸਰਕਾਰ ਬਚਣਾ ਚਾਹੁੰਦੀ ਹੈ। ਜਿਸ ਲਈ ਈ. ਡੀ. ਦੇ ਸੰਮਨ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਹਾਲਾਂਕਿ ਅਸਲੀਅਤ ਇਹ ਹੈ ਕਿ ਦੋਵਾਂ ਹੀ ਮਾਮਲਿਆਂ ਸਬੰਧੀ ਰਾਹੁਲ ਗਾਂਧੀ ਵਲੋਂ ਦਬਾਅ ਬਣਾਉਣ ਕਾਰਨ ਕੈਪਟਨ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਨਜ਼ਦੀਕੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਲੈਣਾ ਪਿਆ ਹੈ। 
ਮਜੀਠੀਆ ਨੂੰ ਛੱਡ ਤਿੰਨ ਨੇਤਾਵਾਂ ਦਾ ਸਿਆਸੀ ਕਰੀਅਰ ਤਬਾਹ
ਈ. ਡੀ. ਦਾ ਸੰਮਨ ਜਾਰੀ ਹੋਣ ਦਾ ਸਿਆਸੀ ਕਰੀਅਰ 'ਤੇ ਅਸਰ ਪੈਣ ਵਾਲੇ ਨੇਤਾਵਾਂ 'ਚ ਰਾਣਾ ਗੁਰਜੀਤ ਸਿੰਘ ਅਤੇ ਸਰਵਨ ਸਿੰਘ ਫਿਲੌਰ ਦੇ ਇਲਾਵਾ ਇਕ ਹੋਰ ਨਾਂ ਅਵਿਨਾਸ਼ ਚੰਦਰ ਦਾ ਵੀ ਆਉਂਦਾ ਹੈ, ਜੋ ਅਕਾਲੀ ਦਲ ਵੱਲੋਂ ਪਹਿਲਾਂ ਕਰਤਾਰਪੁਰ ਅਤੇ ਫਿਰ ਫਿਲੌਰ ਤੋਂ ਵਿਧਾਇਕ ਜਿੱਤਣ ਦੇ ਬਾਅਦ ਸੰਸਦੀ ਸਕੱਤਰ ਬਣੇ ਹੋਏ ਸਨ ਪਰ ਈ. ਡੀ. ਦੇ ਨੋਟਿਸ ਨੇ ਉਨ੍ਹਾਂ ਦੀ ਕੁਰਸੀ ਖੋਹ ਲਈ ਸੀ। ਇੰਨਾ ਜ਼ਰੂਰ ਹੈ ਕਿ ਡਰੱਗ ਰੈਕੇਟ ਮਾਮਲੇ ਵਿਚ ਨੋਟਿਸ ਜਾਰੀ ਹੋਣ ਦੇ ਬਾਅਦ ਪੁੱਛਗਿੱਛ ਲਈ ਬੁਲਾਏ ਜਾਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ 'ਤੇ ਅਕਾਲੀ ਦਲ ਨੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ।
ਖਹਿਰਾ 'ਤੇ ਵੀ ਵਧਿਆ ਨੈਤਿਕਤਾ ਦਿਖਾਉਣ ਦਾ ਦਬਾਅ
ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦੀ ਗੱਲ ਆਉਂਦਿਆਂ ਹੀ ਸੁਖਪਾਲ ਖਹਿਰਾ ਸਬੰਧੀ ਵੀ ਚਰਚਾ ਛਿੜ ਜਾਂਦੀ ਹੈ, ਕਿਉਂਕਿ ਰੇਤ ਖੱਡ ਦੀ ਬੋਲੀ 'ਚ ਰਾਣਾ ਦੀ ਸ਼ਮੂਲੀਅਤ ਹੋਣ ਬਾਰੇ ਮੀਡੀਆ 'ਚ ਖੁਲਾਸਾ ਹੋਣ ਦੇ ਬਾਅਦ ਖਹਿਰਾ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਚੁੱਕਿਆ ਜਾ ਰਿਹਾ ਸੀ ਜਿਸ ਤਹਿਤ ਉਨ੍ਹਾਂ ਨੇ ਸਿੰਚਾਈ ਵਿਭਾਗ 'ਚ ਹੋਏ ਕਰੋੜਾਂ ਦੇ ਘਪਲੇ 'ਚ ਨਾਮਜ਼ਦ ਠੇਕੇਦਾਰ ਦੇ ਰਾਣਾ ਗੁਰਜੀਤ ਸਿੰਘ ਨਾਲ ਸਬੰਧ ਜੋੜਨ ਸਬੰਧੀ ਸਬੂਤ ਪੇਸ਼ ਕੀਤੇ, ਜਿਸ ਬਾਰੇ 'ਚ ਖਹਿਰਾ ਵੱਲੋਂ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ ਨੂੰ ਵੀ ਰਾਣਾ 'ਤੇ ਅਸਤੀਫਾ ਦੇਣ ਦਾ ਦਬਾਅ ਬਣਾਉਣ ਦਾ ਆਧਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਰਾਣਾ ਗੁਰਜੀਤ ਸਿੰਘ ਸਮੇਤ ਕਾਂਗਰਸ ਵਲੋਂ ਨੈਤਕਿਤਾ ਦੇ ਆਧਾਰ 'ਤੇ ਅਸਤੀਫਾ ਦੇਣ ਦੀ ਗੱਲ ਕਹੀ ਜਾ ਰਹੀ ਹੈ। ਜਿਸ ਕਾਰਨ ਖਹਿਰਾ 'ਤੇ ਵੀ ਡਰੱਗ ਮਾਫੀਆ ਨਾਲ ਸਬੰਧਾਂ ਨੂੰ ਲੈ ਕੇ ਕੋਰਟ ਵੱਲੋਂ ਜਾਰੀ ਨੋਟਿਸ 'ਤੇ ਨੈਤਿਕਤਾ ਦੇ ਆਧਾਰ 'ਤੇ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਦਬਾਅ ਵਧ ਰਿਹਾ ਹੈ ਜਿਸ ਦੇ ਜਵਾਬ ਵਿਚ ਖਹਿਰਾ ਵੱਲੋਂ ਸੁਪਰੀਮ ਕੋਰਟ 'ਚ ਕੇਸ ਪੈਂਡਿੰਗ ਹੋਣ ਦੀ ਦਲੀਲ ਦਿੱਤੀ ਜਾ ਰਹੀ ਹੈ।