ਭੈਣਾਂ ਨੇ ਜੇਲ ''ਚ ਬੰਨ੍ਹੀ ਕੈਦੀ ਭਰਾਵਾਂ ਦੇ ਰੱਖੜੀ

08/26/2018 5:34:30 PM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਜ਼ਿਲਾ ਸੁਧਾਰ ਘਰ ਵਿਖੇ ਵੀ ਰੱਖੜੀ ਦਾ ਤਿਉਹਾਰ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ |ਚ ਭੈਣਾਂ ਨੇ ਪੁੱਜ ਕੇ ਜੇਲ 'ਚ ਬੰਦ ਆਪਣੇ ਕੈਦੀ ਭਰਾਵਾਂ ਦੇ ਰੱਖੜੀ ਬੰਨ੍ਹੀ। 'ਜਗ ਬਾਣੀ' ਟੀਮ ਨੇ ਜਦੋਂ ਜੇਲ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਜੇਲ ਦੇ ਬਾਹਰ ਜੇਲ ਪ੍ਰਸ਼ਾਸਨ ਵੱਲੋਂ ਬਕਾਇਦਾ ਟੈਂਟ ਆਦਿ ਲਾ ਕੇ ਆਪਣੇ ਕੈਦੀ ਵੀਰਾਂ ਦੇ ਰੱਖੜੀ ਬੰਨ੍ਹਣ ਆਈਆਂ ਭੈਣਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਸੀ। 
ਇਸ ਤੋਂ ਇਲਾਵਾ ਉਨ੍ਹਾਂ ਲਈ ਚਾਹ-ਪਾਣੀ ਦਾ ਬੰਦੋਬਸਤ ਵੀ ਸੀ। ਜੇਲ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਜੇਲ 'ਚ ਬੰਦ ਕੈਦੀ ਦੇ ਰੱਖੜੀ ਬੰਨ੍ਹਣ ਦਾ 11 ਤੋਂ 5 ਵਜੇ ਤੱਕ ਸਮਾਂ ਤੈਅ ਕੀਤਾ ਸੀ ਅਤੇ ਇਸ ਦੌਰਾਨ ਰੱਖੜੀ ਬੰਨ੍ਹਣ ਲਈ ਵੱਡੀ ਗਿਣਤੀ 'ਚ ਭੈਣਾਂ ਪਹੁੰਚੀਆਂ ਸਨ। ਹਰ ਕੈਦੀ ਦੇ ਰੱਖੜੀ ਬੰਨ੍ਹਣ ਲਈ ਤਰਤੀਬ ਵਾਰ ਸਮਾਂ ਦਿੱਤਾ ਗਿਆ ਅਤੇ ਬਹੁਤ ਹੀ ਖੁਸ਼ਗਵਾਰ ਮਾਹੌਲ 'ਚ ਰੱਖੜੀ ਬੰਨ੍ਹਣ ਦਾ ਪ੍ਰੋਗਰਾਮ ਸੰਪੰਨ ਹੋਇਆ।
ਅਕਾਲੀ ਆਗੂ ਨੇ ਵੀ ਬੰਨ੍ਹੀ ਕੈਦੀਆਂ ਦੇ ਰੱਖੜੀ
ਰੱਖੜੀ ਦੇ ਤਿਉਹਾਰ 'ਤੇ ਜੇਲ 'ਚ ਬੰਦ ਜਿਨ੍ਹਾਂ ਕੈਦੀਆਂ ਦੇ ਰੱਖੜੀ ਬੰਨ੍ਹਣ ਕੋਈ ਨਹੀਂ ਆਇਆ, ਉਨ੍ਹਾਂ ਦੇ ਸੁੰਨੇ ਗੁੱਟ 'ਤੇ ਅਕਾਲੀ ਆਗੂ ਮੈਡਮ ਕੁਲਵਿੰਦਰ ਕੌਰ ਢੀਂਗਰਾ ਨੇ ਰੱਖੜੀ ਬੰਨ੍ਹੀ।