ਬੀਬੀ ਭੱਠਲ ਦਾ ਅਕਾਲੀ ਦਲ ''ਤੇ ਵੱਡਾ ਹਮਲਾ, ਮੁਹੰਮਦ ਸਦੀਕ ਨੇ ਵੀ ਲਗਾਏ ਰਗੜੇ

10/09/2016 4:20:17 PM

ਖਨੌਰੀ (ਹਰਜੀਤ) : ਇੱਥੇ ਨਜ਼ਦੀਕੀ ਪਿੰਡ ਬਨਾਰਸੀ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਹਲਕੇ ਬਦਲਣਾ ਢੀਂਡਸਿਆਂ ਦੀ ਪੁਰਾਣੀ ਆਦਤ ਹੈ। ਉਨ੍ਹਾਂ ਆਪਣੇ ਅੰਦਾਜ਼ ''ਚ ਚੁਟਕੀ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਸੁਨਾਮ ਦਾ ਪੂਰਾ ਵਿਕਾਸ ਕਰ ਦਿੱਤਾ ਹੈ ਜਿੱਥੇ ਹੁਣ ਵਿਕਾਸ ਦੀ ਕੋਈ ਜ਼ਰੂਰਤ ਨਹੀਂ ਇਸ ਲਈ ਸ਼ਾਇਦ ਹੁਣ ਲਹਿਰਾਗਾਗਾ ਦਾ ਵਿਕਾਸ ਯਾਦ ਆ ਗਿਆ ਜਾਂ ਫਿਰ ਉੱਥੋਂ ਦੇ ਲੋਕਾਂ ਨੂੰ ਇਨ੍ਹਾਂ ਦਾ ਕਰਵਾਇਆ ਵਿਕਾਸ ਪਸੰਦ ਨਹੀਂ ਆਇਆ ਤੇ ਹਾਰ ਦੇ ਡਰੋਂ ਸੁਨਾਮ ਛੱਡ ਲਹਿਰੇ ਭੱਜ ਆਏ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਦੇ ਲੋਕ ਬਹੁਤ ਸਮਝਦਾਰ ਹਨ ਜੋ ਸਭ ਸਮਝਦੇ ਹਨ ਕਿ ਕੌਣ ਆਪਣਾ ਹੈ ਤੇ ਕੌਣ ਬਾਹਰਲਾ।
ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ''ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ,  ਜਿੰਨ੍ਹਾਂ ਦੇ ਰਾਜ ਵਿਚ ਸਿਰਫ਼ ਇਨ੍ਹਾਂ ਦਾ ਆਪਣਾ ਹੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਦਲ 85 ਸਾਲ ਦਾ ਹੋ ਗਿਆ ਹੈ ਤੇ ਸਭ ਕੁਝ ਹੁੰਦੇ ਹੋਏ ਵੀ ਇਕ ਲੱਖ ਰੁਪਏ ਮਹਿਨਾ ਤਨਖ਼ਾਹ ਲੈ ਰਿਹਾ ਹੈ ਤੇ ਸੂਬੇ ਦੇ ਬਜ਼ੁਰਗਾਂ ਨੂੰ 250 ਰੁਪਏ ਮਹਿਨਾ ਪੈਨਸ਼ਨ ਵੀ ਸਹੀ ਨਹੀਂ ਮਿਲ ਰਹੀ ਅਤੇ ਨਰੇਗਾ ਮਜ਼ਦੂਰਾਂ ਤੋਂ ਪੂਰਾ ਮਹੀਨਾ ਕੰਮ ਕਰਵਾ ਕੇ ਵੀ ਮਜ਼ਦੂਰੀ ਨਹੀਂ ਮਿਲਦੀ। ਫ਼ਸਲਾਂ ਦਾ ਮੁਆਵਜ਼ਾ ਵੀ ਸਿਰਫ਼ ਆਪਣੇ ਚਹੇਤਿਆਂ ਨੂੰ ਦਿੱਤਾ ਜਾਂਦਾ ਹੈ ਅਤੇ ਪੀੜਤਾਂ ਨੂੰ ਉਹ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਤੋਂ ਅੱਕੇ ਫਿਰਦੇ ਨੇ ਤੇ ਚੋਣਾ ਵਾਲੇ ਦਿਨਾਂ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਮੌਕੇ ਮੁਹੰਮਦ ਸਦੀਕ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 80 ਬੱਸਾਂ ਵਾਲੇ ਬਾਦਲ ਦੀਆਂ ਅੱਜ 800 ਬੱਸਾਂ ਹੋ ਗਈਆਂ ਹਨ ਅਤੇ ਅੱਜ ਦੇਸ਼ ਦੇ ਹਰ ਵੱਡੇ ਸ਼ਹਿਰ ਵਿਚ ਬਾਦਲਾਂ ਦਾ ਹੋਟਲ ਹੈ। ਆਪਣੇ ਕਾਰਜ ਕਾਲ ਦੌਰਾਨ ਇਨ੍ਹਾਂ ਪੰਜਾਬ ਦਾ ਨਹੀਂ ਆਪਣਾ ਹੀ ਵਿਕਾਸ ਕੀਤਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਕਾਲੀ-ਭਾਜਪਾ ਨੂੰ ਚਲਦਾ ਕਰਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

Gurminder Singh

This news is Content Editor Gurminder Singh