ਰਾਜਸਥਾਨ ਵਲੋਂ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਜੇਲ ''ਚ ਸ਼ਿਫਟ ਕਰਨ ਤੋਂ ਇਨਕਾਰ

09/12/2018 11:43:39 AM

ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਜੋਧਪੁਰ ਜੇਲ 'ਚ ਗਰਮ ਖਿਆਲੀ ਹਰਨੇਕ ਸਿੰਘ ਭੱਪ ਨੂੰ ਰਿਹਾਅ ਕਰਨ ਜਾਂ ਪੰਜਾਬ ਦੀ ਜੇਲ 'ਚ ਤਬਦੀਲ ਕਰਨ ਤੋਂ ਰਾਜਸਥਾਨ ਨੇ ਇਨਕਾਰ ਕਰ ਦਿੱਤਾ। ਇਸ ਸਮੇਂ ਹਰਨੇਕ ਸਿੰਘ ਭੱਪ ਜੈਪੁਰ ਦੀ ਸੈਂਟਰਲ ਜੇਲ 'ਚ ਬੰਦ ਹੈ। ਇਸ ਤੋਂ ਇਲਾਵਾ ਮੁਰਾਦਾਬਾਦ ਦੇ ਚਾਰ ਦੋਸ਼ੀਆਂ ਦੇ ਤਬਾਦਲੇ ਵੀ ਪੈਂਡਿੰਗ ਹਨ। ਦਇਆ ਸਿੰਘ ਲਾਹੌਰੀਆ ਅਤੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ 'ਚੋਂ ਪੰਜਾਬ ਦੀ ਜੇਲ 'ਚ ਤਬਦੀਲ ਕਰਨ ਦੀ ਪਟੀਸ਼ਨ ਵੀ ਰੱਦ ਹੋ ਚੁੱਕੀ ਹੈ।

ਇਸ ਬਾਰੇ ਬੋਲਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਰਾਜਸਥਾਨ ਵਲੋਂ ਭੱਪ ਦੇ ਤਬਾਦਲੇ ਤੋਂ ਇਨਕਾਰ ਕਰਨ ਤੋਂ ਬਾਅਦ ਇਸ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਭੱਪ 1995 'ਚ ਜੈਪੂਰ 'ਚ ਕਾਂਗਰਸੀ ਆਗੂ ਰਾਜਿੰਦਰ ਮਿਰਧਾ ਨੂੰ ਅਗਵਾ ਕਰਨ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹਰਨੇਕ ਸਿੰਘ ਨੂੰ ਸਾਲ 2004 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।