CM ਮਾਨ ਦੀ ਰਿਹਾਇਸ਼ ਦੇ ਬਾਹਰ ਧਰਨੇ 'ਤੇ ਬੈਠੇ ਰਾਜਾ ਵੜਿੰਗ ਸਮੇਤ ਕਈ ਆਗੂ ਹਿਰਾਸਤ 'ਚ ਲਏ

06/09/2022 12:40:40 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸੀ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ 'ਤੇ ਮੁਲਾਕਾਤ ਕਰਨ ਪੁਹੰਚੇ ਹੋਏ ਹਨ। ਇਸ ਮੌਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆਂ 'ਤੇ ਲੋਕਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਖੜ੍ਹਿਆ ਨੂੰ ਕਰੀਬ ਇਕ ਘੰਟੇ ਦਾ ਸਮਾਂ ਬੀਤਣ ਵਾਲਾ ਹੈ ਅਤੇ ਮੁੱਖ ਮੰਤਰੀ ਮਾਨ ਵੱਲੋਂ ਦਿੱਤਾ ਗਿਆ ਸਮਾਂ ਵੀ ਨਿਕਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੰਨੀ ਉਡੀਕ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਨਾਲ ਹੁਣ ਤੱਕ ਮੁਲਾਕਾਤ ਨਹੀਂ ਹੋ ਸਕੀ।

ਇਹ ਵੀ ਪੜ੍ਹੋ- CM ਮਾਨ ਕਰਨਗੇ ਇਕ ਹੋਰ ਧਮਾਕਾ, ਨਾਜਾਇਜ਼ ਕਬਜੇ ਕਰਨ ਵਾਲੇ ਵੱਡੇ ਆਗੂਆਂ ਬਾਰੇ ਖ਼ੁਲਾਸਾ ਹੋਣ ਦੇ ਆਸਾਰ

ਮੁੱਖ ਮੰਤਰੀ ਨਾਲ ਮਿਲਣ ਦੀ ਉਡੀਕ ਕਰਦੇ ਕਾਂਗਰਸੀ ਆਪਣਾ ਸਬਰ ਖੋ ਬੈਠੇ ਅਤੇ ਪੁਲਸ ਪਾਰਟੀ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਜਿਸ ਕਾਰਨ ਪੁਲਸ ਵੱਲੋਂ ਧਰਨਾਕਾਰੀ ਕਾਂਗਰਸੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸ ਦਈਏ ਕਿ ਰਾਜਾ ਵੜਿੰਗ ਨੇ ਸਵੇੇਰੇ ਇਕ ਵੀਡੀਓ ਰਾਹੀਂ ਤੰਜ ਕੱਸਦਿਆਂ ਕਿਹਾ ਸੀ ਕਿ ਇਹ ਤਾਂ ਪੰਜਾਬ ਦਾ ਸੱਭਿਆਚਾਰ ਹੈ ਕਿ ਘਰ ਆਏ ਨੂੰ ਹਮੇਸ਼ਾ ਸਨਮਾਨ ਨਾਲ ਬਿਠਾ ਕੇ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ ਪਰ ਇਸ ਮੌਕੇ ਜਿਸ ਤਰ੍ਹਾਂ ਦਾ ਵਤੀਰਾ ਸਾਡੇ ਨਾਲ ਕੀਤਾ ਜਾ ਰਿਹਾ ਹੈ ਉਹ ਪੰਜਾਬ ਦੀ ਸੱਭਿਅਤਾ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਕਦੀ ਕਿਸੇ ਪਾਸੇ ਜਾਣ ਲਈ ਕਹਿ ਰਹੇ ਹਨ ਅਤੇ ਕਦੀ ਕਿਸੇ। ਜਿਸ ਕਾਰਨ ਇਹ ਲੱਗ ਰਿਹਾ ਹੈ ਕਿ ਅਸੀਂ ਸਭ ਕੋਈ ਅਪਰਾਧੀ ਹਾਂ ਜਿਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ

ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕਰਨ ਦਾ ਮੁੱਖ ਟੀਚਾ ਸਿਰਫ਼ ਪੰਜਾਬ ਦੇ ਅਹਿਮ ਮਸਲਿਆਂ 'ਤੇ ਗੱਲ ਕਰਨ ਹੈ। ਉਨ੍ਹਾਂ ਮਾਨ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਂਣ ਲਈ ਕੁਝ ਬੇਕਸੂਰ ਲੋਕਾਂ ਨੂੰ ਟਾਰਗੈਟ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਇਸ ਕਾਰਨ ਦੇ ਚੱਲਦਿਆਂ ਇਹ ਇਕੱਠ ਕੀਤਾ ਗਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਮਾਨ ਦੀ ਉਡੀਕ ਕਰ ਰਹੇ ਹਾਂ। ਉਹ ਜਦੋਂ ਵੀ ਮੁਲਾਕਾਤ ਲਈ ਬੁਲਾਉਣਗੇ ਅਸੀਂ ਚਲੇ ਜਾਵਾਂਗੇ। ਫ਼ਿਲਹਾਲ ਅਸੀਂ ਸਭ ਕਾਨੂੰਨ ਨੂੰ ਹੱਥ 'ਚ ਨਾ ਲੈਂਦੇ ਹੋਏ ਸ਼ਾਂਤੀ ਨਾਲ ਬੈਠਕੇ ਮੁੱਖ ਮੰਤਰੀ ਮਾਨ ਨੂੰ ਮਿਲਣ ਦੀ ਉਡੀਕ ਕਰਾਂਗੇ।

ਇਸ ਮੌਕੇ ਰਾਜਾ ਵੜਿੰਗ ਤੋਂ ਇਲਾਵਾ ਸਾਬਕਾ ਡਿਪਟੀ ਸੀ.ਐੱਮ.ਸੁਖਜਿੰਦਰ ਰੰਧਾਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ , ਸਾਬਕਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ, ਅੰਬਿਕਾ ਸੋਨੀ ਵੀ ਮੌਜੂਦ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha