ਦੇਰ ਰਾਤ ਤੋਂ ਹੋ ਰਹੀ ਬਰਸਾਤ ਕਾਰਨ ਭਵਾਨੀਗੜ੍ਹ ਹੋਇਆ ਜਲ-ਥਲ, ਸੜਕਾਂ ਬਣੀਆਂ ਝੀਲਾਂ

09/24/2022 6:13:09 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ’ਚ ਬੀਤੀ ਦੇਰ ਰਾਤ ਤੋਂ ਲਗਾਤਾਰ ਹੋ ਰਹੀ ਤੇਜ਼ ਬਰਸਾਤ ਕਾਰਨ ਭਾਵੇਂ ਗਰਮੀ ਤੋਂ ਪੂਰੀ ਤਰ੍ਹਾਂ ਰਾਹਤ ਮਿਲੀ ਹੈ ਪਰ ਇਸ ਬਰਸਾਤ ਨਾਲ ਸ਼ਹਿਰ ਤੇ ਪਿੰਡਾਂ ’ਚ ਗਲੀ ਮੁਹੱਲੇ ਪੂਰੀ ਤਰ੍ਹਾਂ ਜਲਥਲ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਸ਼ਹਿਰ ਵਿਖੇ ਅਨਾਜ ਮੰਡੀ, ਦਸਮੇਸ਼ ਨਗਰ, ਮੇਨ ਬਾਜ਼ਾਰ, ਬਲਿਆਲ ਰੋਡ, ਨਾਭਾ ਰੋਡ ਸਮੇਤ ਸ਼ਹਿਰ ਦੇ ਬਹੁਤ ਸਾਰੇ ਗਲੀ ਮੁਹੱਲੇ ਅੱਜ ਬਰਸਾਤ ਦੇ ਪਾਣੀ ਨਾਲ ਪੂਰੀ ਤਰ੍ਹਾਂ ਜਲ-ਥਲ ਹੋ ਜਾਣ ਕਾਰਨ ਝੀਲ ਦਾ ਰੂਪ ਧਾਰਨ ਕਰ ਗਏ। ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਖਾਸ਼ ਕਰ ਸਕੂਲੀ ਵਿਦਿਆਰਥੀਆਂ, ਕੰਮ ’ਤੇ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 

ਸ਼ਹਿਰ ’ਚ ਬਰਸਾਤ ਦੇ ਪਾਣੀ ਦੀ ਨਿਕਾਸੀ ਦੇ ਉਚੇਚੇ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ’ਚ ਵੜ ਜਾਣ ਕਾਰਨ ਦੁੱਖੀ ਹੋਏ ਲੋਕ ਸਰਕਾਰ ਨੂੰ ਕੋਸਦੇ ਨਜ਼ਰ ਆਏ। ਸ਼ਹਿਰ ਨਿਵਾਸੀਆਂ ’ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲਿਆ ਕਿ ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਵੱਲੋਂ ਸ਼ਹਿਰ ’ਚ ਕਰੋੜਾ ਰੁਪਏ ਖਰਚ ਕਰਕੇ ਸੀਵਰੇਜ ਪਾਇਆ ਗਿਆ ਸੀ ਅਤੇ ਦੋਵੇਂ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਗਏ ਸਨ ਕਿ ਬਰਸਾਤ ਦੇ ਦਿਨਾਂ ’ਚ ਸ਼ਹਿਰ ਅੰਦਰ ਇਕ ਵੀ ਬੂੰਦ ਪਾਣੀ ਦੀ ਨਜ਼ਰ ਨਹੀਂ ਆਵੇਗੀ ਪਰ ਸੀਵਰੇਜ ਪਾਉਣ ਤੋਂ ਬਾਅਦ ਸ਼ਹਿਰ ਅੰਦਰ ਸਥਿਤੀ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ। ਲੋਕਾਂ ਦੀ ਮੰਗ ਹੈ ਕਿ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕੀਤਾ ਜਾਵੇ ਤੇ ਸੀਵਰੇਜ ਪਾਉਣ ਉਪਰ ਹੋਏ ਖਰਚ ਦੀ ਜਾਂਚ ਕੀਤੀ ਜਾਵੇ। 

Gurminder Singh

This news is Content Editor Gurminder Singh