ਮੀਂਹ-ਝੱਖੜ ਦਾ ਕਹਿਰ :”250 ਤੋਂ ਵੱਧ ਦਰੱਖਤ ਡਿੱਗੇ

07/07/2017 7:11:15 AM

ਭੁਲੱਥ, (ਰਜਿੰਦਰ)- ਬੁੱਧਵਾਰ ਦੀ ਰਾਤ ਤੇਜ਼ ਮੀਂਹ ਤੇ ਤੂਫਾਨ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਤੇਜ਼ ਮੀਂਹ ਨਾਲ ਭਾਵੇਂ ਮੌਸਮ 'ਚ ਠੰਡਕ ਮਹਿਸੂਸ ਕੀਤੀ ਗਈ ਪਰ ਮੀਂਹ ਨਾਲ ਚੱਲ ਰਹੇ ਤੇਜ਼ ਤੂਫਾਨ ਨੇ ਤਾਂ ਬਹੁਤ ਜ਼ਿਆਦਾ ਤਬਾਹੀ ਮਚਾ ਦਿੱਤੀ, ਕਿਉਂਕਿ ਇਸ ਤੂਫਾਨ ਕਾਰਨ ਭੁਲੱਥ-ਕਰਤਾਰਪੁਰ ਮੁੱਖ ਸੜਕ 'ਤੇ 250 ਤੋਂ ਵਧੇਰੇ ਦਰੱਖਤ ਡਿੱਗ ਗਏ। ਜਿਸ ਕਾਰਨ ਭੁਲੱਥ-ਕਰਤਾਰਪੁਰ ਰੋਡ ਦੀ ਆਵਾਜਾਈ ਬੁੱਧਵਾਰ ਰਾਤ ਤੋਂ ਬੰਦ ਹੋ ਗਈ, ਜਿਸਦੇ ਸ਼ੁੱਕਰਵਾਰ ਬਾਅਦ ਦੁਪਹਿਰ ਤਕ ਚੱਲਣ ਦੀ ਸੰਭਾਵਨਾ ਹੈ। 
ਦੱਸਣਯੋਗ ਹੈ ਕਿ ਭੁਲੱਥ ਸ਼ਹਿਰ ਨੂੰ ਕਰਤਾਰਪੁਰ ਵਾਲੀ ਸੜਕ ਜਲੰਧਰ-ਅੰਮ੍ਰਿਤਸਰ ਮਾਰਗ ਨਾਲ ਜੋੜਦੀ ਹੈ ਤੇ ਭੁਲੱਥ ਤੋਂ ਅੱਗਿਓਂ ਬੇਗੋਵਾਲ, ਸ੍ਰੀ ਹਰਗੋਬਿੰਦਪੁਰ ਤੇ ਗੁਰਦਾਸਪੁਰ ਤਕ ਸੜਕ ਮਾਰਗ ਜੁੜਦਾ ਹੈ, ਜਿਸ 'ਤੇ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ ਪਰ ਇਸ ਮਾਰਗ 'ਤੇ ਦਰੱਖਤਾਂ ਦੇ ਡਿੱਗਣ ਕਾਰਨ ਇਸ ਰੋਡ ਤੋਂ ਰੋਜ਼ਾਨਾ ਲੰਘਣ ਵਾਲੇ ਤੇ ਹੋਰ ਰਾਹਗੀਰ ਬਹੁਤ ਪ੍ਰੇਸ਼ਾਨ ਹੋਏ। ਸਭ ਤੋਂ ਵੱਡੀ ਮੁਸ਼ਕਿਲ ਲੋਕਾਂ ਨੂੰ ਉਸ ਵੇਲੇ ਹੋਈ, ਜਦੋਂ ਭੁਲੱਥ ਤੋਂ ਕਰਤਾਰਪੁਰ ਜਾਣ ਵਾਲੇ ਮੱਲੀਆਂ ਪਿੰਡ ਦੇ ਮਾਰਗ 'ਤੇ ਵੀ ਦਰੱਖਤ ਡਿੱਗ ਗਏ।