ਤੇਜ਼ ਬਾਰਿਸ਼ ਦੀ ਭੇਟ ਚੜ੍ਹਿਆ ਇੱਟ-ਭੱਠਾ ਮਾਲਕਾਂ ਦਾ ਲੱਖਾਂ ਰੁਪਏ ਦਾ ਕੱਚਾ ਮਾਲ

02/14/2018 4:54:22 AM

ਲੁਧਿਆਣਾ(ਖੁਰਾਣਾ)-ਸੋਮਵਾਰ ਦੀ ਦਰਮਿਆਨੀ ਰਾਤ ਆਏ ਤੇਜ਼ ਤੂਫਾਨ ਅਤੇ ਮੁਸਲਾਧਾਰ ਬਾਰਿਸ਼ ਨਾਲ ਇੱਟ-ਭੱਠਾ ਮਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭੱਠਾ ਮਾਲਕ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਰਮੇਸ਼ ਮੋਹੀ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਹੋਈ ਤੂਫਾਨੀ ਬਾਰਿਸ਼ ਨੇ ਜ਼ਿਲੇ ਨਾਲ ਸਬੰਧਤ ਜ਼ਿਆਦਾਤਰ ਇੱਟ-ਭੱਠਾ ਕਾਰੋਬਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।  ਉਨ੍ਹਾਂ ਦੱਸਿਆ ਕਿ ਭੱਠੇ ਦੇ ਆਲੇ-ਦੁਆਲੇ ਪੈਂਦੇ ਇਲਾਕਿਆਂ ਵਿਚ ਭੱਠਾ ਮਾਲਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਕੱਚੀਆਂ ਇੱਟਾਂ ਆਦਿ ਬਾਰਿਸ਼ ਦੀ ਭੇਟ ਚੜ੍ਹ ਗਈਆਂ। ਹਰ ਪੀੜਤ ਕਾਰੋਬਾਰੀ ਨੂੰ ਕਰੀਬ 4-5 ਲੱਖ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਭੱਠਾ ਕਾਰੋਬਾਰੀ ਅਤੇ ਉਕਤ ਸੰਸਥਾ ਦੇ ਜਨਰਲ ਸਕੱਤਰ ਪ੍ਰਵੀਨ ਜਿੰਦਲ, ਚੀਫ ਪੈਟਰਨ ਦਰਸ਼ਨ ਸਿੰਘ ਜਵੰਦਾ, ਅਵਤਾਰ ਸਿੰਘ ਮਾਨ, ਚੇਅਰਮੈਨ ਜੋਗਿੰਦਰ ਸਿੰਘ ਬੱਲ, ਦਵਿੰਦਰ ਗਿੱਲ, ਕੁਲਦੀਪ ਖੁੱਲਰ, ਜਸਵਿੰਦਰ ਸਿੱਧੂ, ਹਰਬੰਸ ਸੇਖੋਂ, ਕੁਲਵੰਤ ਪੁਰੀ, ਹਰਜੀਤ ਸਿੰਘ, ਵਿਜੇ ਸ਼ਾਹੀ, ਵਿਨੋਦ ਅਗਰਵਾਲ, ਵਿਸ਼ਾਲ ਢੰਡ, ਸੁਰਿੰਦਰ ਸਿੰਗਲਾ, ਪੰਕਜ ਵਡੇਰਾ ਅਤੇ ਰਿਤੇਸ਼ ਗਰਗ ਆਦਿ ਨੇ ਦੱਸਿਆ ਕਿ ਭੱਠਾ ਕਾਰੋਬਾਰੀਆਂ ਵੱਲੋਂ ਨਵੰਬਰ-ਦਸੰਬਰ ਮਹੀਨੇ ਵਿਚ ਲੇਬਰ ਦਾ ਇੰਤਜ਼ਾਮ ਕਰ ਕੇ ਜਨਵਰੀ ਮਹੀਨੇ 'ਚ ਆਪਣੇ ਭੱਠਿਆਂ 'ਤੇ ਇੱਟਾਂ ਪਕਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਅਜਿਹੇ ਵਿਚ ਕਰੀਬ ਸਾਰੇ ਕਾਰੋਬਾਰੀਆਂ ਦਾ ਲੱਖਾਂ ਰੁਪਏ ਦਾ ਕੱਚਾ ਮਾਲ ਤਿਆਰ ਪਿਆ ਹੁੰਦਾ ਹੈ, ਜੋ ਕਿ ਬਾਰਿਸ਼ ਕਾਰਨ ਮਿੱਟੀ ਦਾ ਰੂਪ ਧਾਰਨ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿਥੇ ਕਾਰੋਬਾਰੀ ਮੰਦੇ ਦੇ ਦੌਰ 'ਚੋਂ ਗੁਜ਼ਰ ਰਹੇ ਹਨ, ਉਥੇ ਦੂਜੇ ਰਾਜਾਂ ਤੋਂ ਸਮੱਗਲਿੰਗ ਕਰ ਕੇ ਇਥੇ ਲਿਆ ਕੇ ਇੱਟਾਂ ਵੇਚਣ ਵਾਲੇ ਦਲਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, 'ਤੇ ਰਹਿੰਦੀ ਖੂੰਹਦੀ ਕਸਰ ਹੁਣ ਬਾਰਿਸ਼ ਨੇ ਪੂਰੀ ਕਰ ਦਿੱਤੀ।