ਨੈਸ਼ਨਲ ਹਾਈਵੇ 54 ਬਣਨ ਦੇ ਬਾਵਜੂਦ ਵੀ ਨਹੀਂ ਹੋਈ ਰੇਲਵੇ ਓਵਰਬ੍ਰਿਜ ਦੀ ਉਸਾਰੀ

12/16/2017 10:54:39 AM


ਮੱਖੂ (ਧੰਜੂ) - ਮਾਂਝੇ, ਮਾਲਵੇ ਤੇ ਦੁਆਬੇ ਨੂੰ ਆਪਸ 'ਚ ਜੋੜਨ ਵਾਲੀਆਂ ਸੜਕਾਂ ਜੋ ਮੱਖੂ ਕਸਬੇ 'ਚੋਂ ਲੰਘਦੇ ਨੈਸ਼ਨਲ ਹਾਈਵੇ 54 ਤੋਂ ਹੀ ਹੋ ਕੇ ਨਿਕਲਦੀਆਂ ਹਨ। ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਇਸ ਨੈਸ਼ਨਲ ਹਾਈਵੇ 'ਤੇ ਕਈ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਲੰਘਦੇ ਹਨ। ਇਸੇ ਹੀ ਨੈਸ਼ਨਲ ਹਾਈਵੇ 'ਤੇ ਜਲੰਧਰ-ਫ਼ਿਰੋਜ਼ਪੁਰ ਰੇਲ ਮਾਰਗ 'ਤੇ ਰੇਲ ਗੱਡੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਥੇ ਬਣੇ ਰੇਲਵੇ ਫ਼ਾਟਕ ਦੇ ਜ਼ਿਆਦਾ ਸਮਾਂ ਬੰਦ ਰਹਿਣ ਕਾਰਨ ਅਕਸਰ ਹੀ ਕਈ-ਕਈ ਕਿਲੋਮੀਟਰ ਲੰਮਾ ਜਾਮ ਲੱਗ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਕਈ ਅਮਨ ਪਸੰਦ ਲੋਕ ਤਾਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਨਿਯਮਿਤ ਲਾਈਨ 'ਚ ਹੀ ਆਪਣਾ ਵਾਹਨ ਰੱਖਦੇ ਹਨ ਜਦਕਿ ਟ੍ਰੈਫ਼ਿਕ ਨਿਯਮਾਂ ਤੋਂ ਅਣਜਾਣ ਲੋਕ ਅੰਨ੍ਹੇਵਾਹ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਜਦੋਂਕਿ ਟ੍ਰੈਫ਼ਿਕ ਕਰਮਚਾਰੀਆਂ ਦੀ ਗੈਰਹਾਜ਼ਰੀ ਦੌਰਾਨ ਵਾਹਨ ਚਾਲਕਾਂ ਵੱਲੋਂ ਇਕ-ਦੂਸਰੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਰੋਜ਼ਾਨਾ ਹੀ ਜਾਮ ਵਰਗੀ ਸਥਿਤੀ ਬਣੀ ਹੋਣ ਕਾਰਨ ਕਈ ਵਾਰ ਕੰਮਕਾਜੀ ਲੋਕਾਂ, ਅੰਮ੍ਰਿਤਸਰ ਏਅਰਪੋਰਟ ਨੂੰ ਜਾਣ ਵਾਲੇ ਮੁਸਾਫ਼ਰ, ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸ ਗੱਡੀਆਂ ਵੀ ਜਾਮ 'ਚ ਹੀ ਫ਼ਸੀਆਂ ਰਹਿੰਦੀਆਂ ਹਨ। 
ਸਮਾਜ ਸੇਵੀ ਜਥੇਬੰਦੀਆਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਭਾਕਿਯੂ (ਮਾਨ) ਦੇ ਜਗਤਾਰ ਸਿੰਘ ਜੱਲੇਵਾਲਾ, ਗੁਰਦੇਵ ਸਿੰਘ ਵਾਰਸਵਾਲਾ, ਜੋਗਿੰਦਰ ਸਿੰਘ ਸਭਰਾ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਰੇਲਵੇ ਓਵਰਬ੍ਰਿਜ ਜਲਦੀ ਤੋਂ ਜਲਦੀ ਬਣਾਇਆ ਜਾਵੇ ਅਤੇ ਰੇਲਵੇ ਫ਼ਾਟਕ ਦੇ ਬੰਦ ਰਹਿਣ ਦੇ ਦੌਰਾਨ ਰੋਜ਼ਾਨਾ ਹੀ ਜਾਮ ਰਹਿੰਦੇ ਟ੍ਰੈਫ਼ਿਕ ਨੂੰ ਨਿਯਮਿਤ ਰੱਖਣ ਲਈ ਟਰੈਫ਼ਿਕ ਕਰਮਚਾਰੀਆਂ ਦੀ ਪੱਕੇ ਤੌਰ 'ਤੇ ਤਾਇਨਾਤੀ ਕੀਤੀ ਜਾਵੇ।