ਉਵਰਬ੍ਰਿਜ ਬਣਨ ਦੀ ਉਡੀਕ ਕਰ ਰਿਹਾ ਹੈ ਮੁਕਤਸਰ ਦਾ ਰੇਲਵੇ ਫਾਟਕ ਨੰਬਰ 30

02/17/2018 4:53:32 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਸੁਖਪਾਲ ਢਿੱਲੋਂ) - ਖਿਦਰਾਣੇ ਦੀ ਢਾਬ ਤੋਂ ਮੁਕਤਸਰ ਅਤੇ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣਨ ਦਾ ਸਫ਼ਰ ਬਹੁਤ ਲੰਬਾ ਹੈ ਪਰ ਜੇ ਨਜ਼ਰ ਮਾਰੀ ਜਾਵੇ ਤਾਂ ਇਸ ਸ਼ਹਿਰ ਦੇ ਨਾਮ ਨਾਲ ਸ੍ਰੀ ਜ਼ਰੂਰ ਲੱਗ ਗਿਆ। ਇਸ ਸ਼ਹਿਰ ਨੂੰ ਨਾ ਤਾਂ ਅਜੇ ਇਤਿਹਾਸਿਕ ਮਾਨਤਾ ਮਿਲੀ ਹੈ ਅਤੇ ਨਾ ਜ਼ਿਲਾ ਬਣਨ ਤੋਂ ਬਾਅਦ ਕੋਈ ਵਿਕਾਸ ਹੋਇਆ ਹੈ।
ਇਹ ਸ਼ਹਿਰ ਲੀਡਰਾਂ ਦੇ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਸਮੱਸਿਆਵਾਂ ਦਾ ਹੱਲ ਅੱਜ ਤੱਕ ਨਹੀਂ ਹੋਇਆ। ਅਬਾਦੀ ਪਹਿਲਾ ਨਾਲੋ ਵੱਧ ਚੁੱਕੀ ਹੈ ਪਰ ਸੜਕਾਂ ਦਾ ਜਾਲ ਉਹੀ ਹੈ। ਇਥੇ ਟ੍ਰੈਫਿਕ ਸਮੱਸਿਆ ਬਹੁਤ ਜ਼ਿਆਦਾ ਹੈ। ਸਥਾਨਕ ਜਲਾਲਬਾਦ ਰੋਡ ਦਾ ਫਾਟਕ ਕੰਡਿਆਲੀ ਤਾਰ ਦੀ ਸ਼ਹਿਰ ਨੂੰ ਦੋ ਭਾਗਾਂ 'ਚ ਵੰਡਦੀ ਹੈ। ਇਸ ਹਿੱਸੇ 'ਤੇ ਲੰਮੇ ਸਮੇਂ ਤੋਂ ਰੇਲਵੇ ਓਵਰਬ੍ਰਿਜ ਬਣਨ ਦੀ ਮੰਗ ਕਰ ਰਹੇ ਹਨ ਪਰ ਕੁਝ ਸਿਆਸੀ ਅਸਰ ਰਸੂਖ ਵਾਲੇ ਵਿਅਕਤੀਆਂ ਕਾਰਨ ਇਹ ਮੰਗ ਪੂਰੀ ਨਹੀਂ ਹੋ ਰਹੀ। ਜਿਸ ਕਰਕੇ ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਫਾਟਕ ਨੰਬਰ 30 ਉਵਰਬ੍ਰਿਜ ਬਣਨ ਦੀ ਉਡੀਕ 'ਚ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ ਨੇ ਸ਼ਹਿਰ ਨੂੰ ਘੇਰਿਆ ਹੋਇਆ ਹੈ ਭਾਵੇ ਸ਼ਹਿਰ ਵਿੱਚ ਤਿੰਨ ਮੁੱਖ ਗਊਸ਼ਲਾਵਾਂ ਹਨ ਪਰ ਇਸ ਦੇ ਬਾਵਜੂਦ ਸ਼ਹਿਰ 'ਚ ਅਵਾਰਾ ਗਊਆਂ ਦਾ ਮੁੱਖ ਸੜਕਾਂ ਤੇ ਜਮਾਵੜਾ ਹੈ, ਜੋ ਹਾਦਸਿਆਂ ਦਾ ਕਾਰਨ ਬਣਦਾ ਹੈ।
ਸ਼ਹਿਰ ਦੇ ਬਹੁਤੇ ਹਿੱਸਿਆਂ 'ਚ ਸੀਵਰੇਜ਼ ਪਾ ਦਿੱਤਾ ਪਰ ਕਈ ਸੜਕਾਂ 'ਤੇ ਬਾਰਿਸ਼ ਦੇ ਮੌਸਮ 'ਚ ਪਾਣੀ ਜਮ੍ਹਾ ਹੋ ਜਾਂਦਾ ਹੈ। ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਭਾਵੇ ਸਪਲਾਈ ਨਿਰੰਤਰ ਚੱਲਦੀ ਹੈ ਪਰ ਪਾਣੀ ਦੀ ਪਾਇਪ ਕਾਫੀ ਪੁਰਾਣੀ ਪਾਈ ਹੋਣ ਕਾਰਨ ਕਈ ਥਾਵਾਂ ਤੋਂ ਲੀਕ ਹੋ ਚੁੱਕੀ ਹੈ। ਸ਼ਹਿਰ ਦੇ ਕਈ ਮੁਹੱਲਿਆਂ 'ਚ ਸੀਵਰੇਜ਼ ਦਾ ਪਾਣੀ ਮਿਕਸ ਹੋ ਕੇ ਜਾਂਦਾ ਹੈ, ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ। ਰਾਜਨੀਤਿਕ ਪੱਖ ਤੋਂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਵਸਨੀਕ ਸਨ ਉੱਥ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਹੈ। ਇਸ ਸ਼ਹਿਰ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਪੰਜਾਬ 'ਚ ਸਭ ਤੋਂ ਵੱਧ ਰਾਜਨੀਤਿਕ ਆਗੂ ਜੇਕਰ ਕਿਸੇ ਸ਼ਹਿਰ 'ਚ ਹਨ ਤਾਂ ਉਹ ਹੈ ਸ੍ਰੀ ਮੁਕਤਸਰ ਸਾਹਿਬ। ਰਾਜਨੀਤਿਕ ਪੱਖ ਤੋਂ ਆਪਣੀ ਵੱਖਰੀ ਪਛਾਣ ਰੱਖਣ ਵਾਲਾ ਇਹ ਸ਼ਹਿਰ ਜ਼ਿਲਾ ਬਣਨ ਦੇ ਬਾਵਜੂਦ ਕਾਫੀ ਪੱਛੜਿਆ ਨਜ਼ਰ ਆਉਦਾ ਹੈ।  ਬੀਤੇ ਕਈ ਸਾਲ ਤੋਂ ਕੋਈ ਸਰਕਾਰੀ ਉੱਚ ਵਿੱਦਿਅਕ ਅਦਾਰਾ ਇੱਥੇ ਸਥਾਪਤ ਨਹੀਂ ਕੀਤਾ। ਅਕਸਰ ਕਿਹਾ ਜਾਂਦਾ ਹੈ ਕਿ ਮੁਕਤਸਰ ਵਾਲੇ ਪੜ੍ਹਦੇ ਹਨ ਪਰ ਦੂਸਰੇ ਸ਼ਹਿਰਾਂ ਦੇ ਵਿਕਾਸ ਲਈ ਅਤੇ ਇਹ ਅਤਿਕਥਨੀ ਨਹੀਂ ਕਿਉਕਿ ਉੱਚ ਪੜ੍ਹਾਈ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਲਈ ਇੱਥੇ ਨੌਕਰੀ ਦਾ ਕੋਈ ਸਾਧਨ ਨਹੀਂ।