ਰੇਲ ਮੰਤਰੀ ਤੇ ਰੇਲਵੇ ਬੋਰਡ ਚੇਅਰਮੈਨ ਦੇ ਹੁਕਮਾਂ ਦੀ ਕੁੱਝ ਅਧਿਕਾਰੀਆਂ ਨੂੰ ਨਹੀਂ ਪ੍ਰਵਾਹ!

04/21/2018 5:33:55 AM

ਲੁਧਿਆਣਾ(ਵਿਪਨ)-ਬੀਤੇ ਸਮੇਂ 'ਚ ਟਰੇਨ ਦੁਰਘਨਾਵਾਂ 'ਚ ਵਾਧਾ ਹੋਣ ਦੇ ਬਾਅਦ ਰੇਲ ਮੰਤਰਾਲਾ ਦੇ ਹੁਕਮਾਂ 'ਤੇ ਸਾਰੇ ਅਧਿਕਾਰੀਆਂ ਦੇ ਘਰਾਂ ਅਤੇ ਦਫਤਰਾਂ 'ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਵਿਭਾਗ 'ਚ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ ਸਨ ਪਰ ਕਈ ਅਧਿਕਾਰੀ ਹੁਣ ਵੀ ਉਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਸਮੇਂ 'ਚ ਇਕ ਦੇ ਬਾਅਦ ਇਕ ਹੋਈ ਟਰੇਨ ਦੁਰਘਟਨਾ ਨੇ ਰੇਲ ਮੰਤਰਾਲਾ ਸਮੇਤ ਕੇਂਦਰ ਸਰਕਾਰ ਦੀ ਜਨਤਾ 'ਚ ਕਿਰਕਰੀ ਕਰਵਾ ਕੇ ਰੱਖ ਦਿੱਤੀ ਸੀ। ਡਿਵੈੱਲਪਮੈਂਟ ਦੀਆਂ ਘਟਨਾਵਾਂ ਅਤੇ ਟਰੇਨ ਦੁਰਘਟਨਾਵਾਂ ਦੇ ਵਧ ਜਾਣ ਕਾਰਨ ਰੇਲਵੇ ਬੋਰਡ ਦੇ ਚੇਅਰਮੈਨ ਅਸ਼ੋਕ ਮਿੱਤਲ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣਾ ਪਿਆ ਅਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਦਾ ਵਿਭਾਗ ਵੀ ਬਦਲ ਦਿੱਤਾ ਗਿਆ। ਪਿਯੂਸ਼ ਗੋਇਲ ਦੇ ਰੇਲ ਮੰਤਰੀ ਅਤੇ ਅਸ਼ਵਨੀ ਲੋਹਾਨੀ ਵੱਲੋਂ ਰੇਲਵੇ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਦੇ ਹੀ ਇਨ੍ਹਾਂ ਵਧਦੀਆਂ ਘਟਨਾਵਾਂ ਦਾ ਨੋਟਿਸ ਲੈ ਕੇ ਰੇਲਵੇ ਅਧਿਕਾਰੀਆਂ ਨੂੰ ਕਈ ਸਖ਼ਤ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਘਰਾਂ ਅਤੇ ਦਫਤਰਾਂ 'ਚ ਤਾਇਨਾਤ ਕਰਮਚਾਰੀਆਂ ਨੂੰ ਫਾਰਗ ਕਰ ਕੇ ਉਨ੍ਹਾਂ ਤੋਂ ਬਣਦੀ ਡਿਊਟੀ ਲਈ ਜਾਵੇ ਪਰ ਕੁੱਝ ਅਧਿਕਾਰੀ ਹੁਣ ਤੱਕ ਮੰਤਰੀ ਅਤੇ ਬੋਰਡ ਦੇ ਚੇਅਰਮੈਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਰੇਲ ਕਰਮਚਾਰੀਆਂ ਤੋਂ ਆਪਣੇ ਨਿੱਜੀ ਕੰਮ ਕਰਵਾ ਰਹੇ ਹਨ। 
ਇਕ ਚੈਨਲ 'ਤੇ ਚੱਲੀ ਖ਼ਬਰ ਦੇ ਬਾਅਦ ਅਧਿਕਾਰੀਆਂ ਨੂੰ ਕੀਤਾ ਸਸਪੈਂਡ 
ਇਕ ਚੈਨਲ 'ਤੇ ਚੱਲੇ ਸਮਾਚਾਰ ਦੇ ਬਾਅਦ ਵਿਚ ਉਤਰ ਰੇਲਵੇ ਦੇ ਕੁੱਝ ਅਧਿਕਾਰੀਆਂ 'ਤੇ ਟਰੈਕਮੈਨਾਂ ਤੋਂ ਕਥਿਤ ਤੌਰ 'ਤੇ ਆਪਣੇ ਘਰਾਂ ਦਾ ਕੰਮ ਕਰਵਾਉਣ ਲਈ ਨੌਕਰਾਂ ਦੇ ਰੂਪ ਵਿਚ ਰੱਖਣ ਦੇ ਗੰਭੀਰ ਦੋਸ਼ਾਂ ਦੇ ਬਾਅਦ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਵਰਨਣਯੋਗ ਹੈ ਕਿ ਇਕ ਟਰੈਕਮੈਨ ਜੀਵਨ ਕੁਮਾਰ ਨੂੰ ਨਵੀਂ ਦਿੱਲੀ ਸਥਿਤ ਉਤਰ ਰੇਲਵੇ ਮੁੱਖ ਦਫਤਰ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਅਧਿਕਾਰੀ ਦੇ ਘਰ ਦਾ ਘਰੇਲੂ ਕੰਮ ਕਰਦੇ ਫੜ ਕੇ ਉਸ ਦੇ ਬਿਆਨ ਲਏ ਗਏ ਜਿਸ ਵਿਚ ਉਸ ਨੇ ਮੰਡਲ ਦੇ ਸਹਾਇਕ ਇੰਜੀਨੀਅਰ ਡੀ. ਐੱਸ. ਸਿੱਧੂ  ਅਤੇ ਹੋਰ ਕਈ ਸਥਾਨਕ ਅਧਿਕਾਰੀਆਂ 'ਤੇ ਉਸ ਤੋਂ ਅਤੇ ਹੋਰ ਕਰਮਚਾਰੀਆਂ ਤੋਂ ਘਰੇਲੂ ਕੰਮ ਲਏ ਜਾਣ ਦੇ ਦੋਸ਼ ਲਾਏ। ਜਿਸ ਕਾਰਨ ਰੇਲ ਪ੍ਰਸ਼ਾਸਨ ਵੱਲੋਂ ਸਹਾਇਕ ਇੰਜੀਨੀਅਰ ਨੂੰ ਸਸਪੈਂਡ ਕਰ ਦਿੱਤਾ ਗਿਆ।
ਯਾਤਰੀਆਂ ਦੀ ਸੁਰੱਖਿਆ ਲਈ ਕਰਮਚਾਰੀਆਂ ਦੀ ਭਰਤੀ 
ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਕਾਰਨ ਰੇਲ ਪ੍ਰਸ਼ਾਸਨ ਵੱਲੋਂ ਇਸ ਸਾਲ ਦੀ ਸ਼ੁਰੂਆਤ 'ਚ ਬਿਨਾਂ ਕਿਸੇ ਕਾਰਨ ਲੰਮੇ ਸਮੇਂ ਤੋਂ ਨਾ ਮੌਜੂਦ ਚੱਲ ਰਹੇ 13000 ਦੇ ਲਗਭਗ ਰੇਲ ਕਰਮਚਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਟਰੈਕਮੈਨਾਂ, ਗੈਂਗਮੈਨਾਂ ਦੇ ਖਾਲੀ ਪਏ ਅਹੁਦੇ ਵੀ ਭਰਨ ਲਈ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਹੈ ਪਰ ਕੁੱਝ ਇਸ ਤਰ੍ਹਾਂ ਦੇ ਅਧਿਕਾਰੀ ਵੀ ਹਨ, ਜੋ ਕਥਿਤ ਤੌਰ 'ਤੇ ਯਾਤਰੀਆਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਨੂੰ ਤਾਕ 'ਤੇ ਰੱਖ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਲਈ ਰੇਲਵੇ ਕਰਮਚਾਰੀਆਂ ਤੋਂ ਆਪਣੇ ਘਰੇਲੂ ਕੰਮ ਲੈ ਰਹੇ ਹਨ।  
ਅਧਿਕਾਰੀਆਂ ਦਾ ਸਟਿੰਗ ਕਰ ਕੇ ਸੀ. ਡੀ. ਭੇਜਣਗੇ ਰੇਲ ਮੰਤਰੀ ਨੂੰ 
ਨਗਰ ਦੇ ਪ੍ਰਮੁੱਖ ਆਰ. ਟੀ. ਆਈ. ਐਕਟੀਵਿਸਟ ਅਤੇ ਸਮਾਜ ਸੇਵਕ ਰਾਕੇਸ਼ ਕਪੂਰ ਨੇ ਦੱਸਿਆ ਕਿ ਮਹਾਨਗਰ ਵਿਚ ਤਾਇਨਾਤ ਅਧਿਕਾਰੀਆਂ ਦੇ ਘਰਾਂ 'ਤੇ ਨੌਕਰਾਂ ਦੇ ਤੌਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਸਟਿੰਗ ਆਪ੍ਰੇਸ਼ਨ ਕਰ ਕੇ ਉਸ ਦੀ ਸੀ. ਡੀ. ਤਿਆਰ ਕਰ ਕੇ ਰੇਲ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਭੇਜੀ ਜਾਵੇਗੀ ਤਾਂ ਕਿ ਇਸ ਤਰ੍ਹਾਂ ਦੇ ਅਧਿਕਾਰੀਆਂ 'ਤੇ ਸਖਤ ਕਾਰਵਾਈ ਕੀਤੀ ਜਾ ਸਕੇ।