ਪੰਜਾਬ ਭਰ 'ਚ ਕਿਸਾਨਾਂ ਦਾ 'ਰੇਲ ਰੋਕੋ' ਅੰਦੋਲਨ ਜਾਰੀ, 51 ਟਰੇਨਾਂ ਰੱਦ, ਜਾਣੋ ਕਦੋਂ ਤੱਕ ਰਹਿਣਗੀਆਂ ਬੰਦ

09/29/2023 11:17:26 AM

ਚੰਡੀਗੜ੍ਹ : ਪੰਜਾਬ ਭਰ 'ਚ ਕਿਸਾਨ ਜੱਥੇਬੰਦੀਆਂ ਵੱਲੋਂ ਵੀਰਵਾਰ ਤੋਂ ਸ਼ੁਰੂ ਕੀਤੇ 'ਰੇਲ ਰੋਕੋ' ਅੰਦੋਲਨ ਨੇ ਰੇਲਾਂ ਦੀ ਰਫ਼ਤਾਰ ਰੋਕ ਦਿੱਤੀ ਹੈ। ਰੇਲ ਮੰਡਲ ਦਫ਼ਤਰ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਇਸ ਅੰਦੋਲਨ ਕਾਰਨ ਕੁੱਲ 91 ਰੇਲਗੱਡੀਆਂ ਪ੍ਰਭਾਵਿਤ ਹੋਈਆਂ। 51 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ, 29 ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕਰਦੇ ਹੋਏ ਰਸਤੇ ’ਚੋਂ ਹੀ ਵਾਪਸ ਮੋੜਿਆ ਗਿਆ, ਜਦੋਂ ਕਿ ਲੰਬੀ ਦੂਰੀ ਦੀਆਂ 11 ਰੇਲਗੱਡੀਆਂ ਨੂੰ ਰੂਟ ਬਦਲ ਕੇ ਕੱਢਿਆ ਗਿਆ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਮੰਡਲ ’ਚ ਫਿਰੋਜ਼ਪੁਰ ਕੈਂਟ, ਮੋਗਾ, ਅਜੀਤਵਾਲ, ਡੱਗਰੂ, ਹੁਸ਼ਿਆਰਪੁਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਜਲੰਧਰ ਕੈਂਟ, ਤਰਨਤਾਰਨ, ਮੱਲਾਂਵਾਲਾ, ਦੇਵੀਦਾਸਪੁਰਾ ਅੰਮ੍ਰਿਤਸਰ, ਮਜੀਠਾ, ਫਾਜ਼ਿਲਕਾ ਆਦਿ ਸਥਾਨਾਂ ’ਤੇ ਧਰਨੇ ਦਿੱਤੇ ਗਏ, ਜੋ ਅਗਲੇ 2 ਦਿਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਖੇਡਦੀ ਹੋਈ ਬੱਚੀ ਨਾ ਮਿਲੀ ਤਾਂ ਲੱਭਣ ਨਿਕਲੇ ਮਾਪੇ, ਗੁਆਂਢੀ ਦੇ ਕਮਰੇ ਅੰਦਰਲਾ ਸੀਨ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਾਲਮੇਲ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਲਗਾਤਾਰ ਅਣਦੇਖੀ ਕਾਰਣ ਹੜ੍ਹਾਂ ਦੀ ਮਾਰ ਝੱਲ ਰਹੇ ਉੱਤਰੀ ਭਾਰਤ ਦੇ ਰਾਜਾਂ ਨੂੰ ਕੇਂਦਰ ਵਲੋਂ ਲੋੜੀਂਦੀ ਮਦਦ ਨਾ ਮਿਲਣ ਕਾਰਨ ਸਥਿਤੀ ਚਿੰਤਾਜਨਕ ਹੈ। ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਰਾਜਾਂ ਲਈ 50 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ, ਦਿੱਲੀ ਮੋਰਚੇ ਦੌਰਾਨ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਤੈਅ ਕਰਨ ਦੀ ਅਧੂਰੀ ਮੰਗ ਨੂੰ ਪੂਰਾ ਕਰਨਾ, ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਡਾ. ਮਨਰੇਗਾ ਤਹਿਤ 200 ਦਿਨਾਂ ਦਾ ਰੁਜ਼ਗਾਰ, ਪੰਜਾਬ ਸਮੇਤ ਉੱਤਰੀ ਭਾਰਤ ਵਿਚ ਸਮੈਕ ਅਤੇ ਹੈਰੋਇਨ ਵਰਗੇ ਮਾਰੂ ਨਸਿ਼ਆਂ ’ਤੇ ਕੰਟਰੋਲ, ਦਿੱਲੀ ਅੰਦੋਲਨ ਦੌਰਾਨ ਬਣੇ ਕੇਸ ਰੱਦ ਕਰਨ ਅਤੇ ਲਖੀਮਪੁਰ ਖੀਰੀ ਕਤਲੇਆਮ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ, ਭਾਰਤ ਮਾਲਾ ਪ੍ਰਾਜੈਕਟ ਤਹਿਤ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਰੇਟ। ਜ਼ਮੀਨਾਂ ਦੀਆਂ ਕੀਮਤਾਂ ਵਿਚ 6 ਗੁਣਾ ਵਾਧਾ ਕਰਨ ਅਤੇ ਆਬਾਦਕਾਰ ਕਿਸਾਨਾਂ-ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਪੱਕੇ ਮਾਲਕੀ ਹੱਕ ਦੇਣ ਦੀ ਮੰਗ ਨੂੰ ਲੈ ਕੇ ਭਾਰਤ ਪੱਧਰੀ ਰੇਲ ਰੋਕੋ ਮੋਰਚਾ ਪੰਜਾਬ ਤੋਂ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਮਾਮਲੇ 'ਚ AAP ਦਾ ਕਾਂਗਰਸ ਨੂੰ ਕਰਾਰਾ ਜਵਾਬ, ਸਾਹਮਣੇ ਲਿਆਂਦੀ ਪੁਰਾਣੀ ਚਿੱਠੀ
ਅੱਜ ਚੰਡੀਗੜ੍ਹ ’ਚ ਹੋਵੇਗੀ ਬੈਠਕ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਨ੍ਹਾਂ ਮੰਗਾਂ ’ਤੇ ਠੋਸ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਰਾਸ਼ਟਰੀ ਪੱਧਰ ’ਤੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਅਗਲੀ ਰਣਨੀਤੀ ਲਈ ਸਾਰੇ ਸੰਘਰਸ਼ਸ਼ੀਲ ਕਿਸਾਨਾਂ ਦੀ ਮਹੱਤਵਪੂਰਨ ਬੈਠਕ ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਹੋਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita