ਪੁਲਸ ਵੱਲੋਂ ਸਿਟੀ ਕਲੱਬ ’ਚ ਛਾਪਾਮਾਰੀ

08/21/2018 1:44:12 AM

ਗਿੱਦਡ਼ਬਾਹਾ, (ਕੁਲਭੂਸ਼ਨ)-ਬੀਤੀ ਦੇਰ ਰਾਤ ਪੁਲਸ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਗਿੱਦਡ਼ਬਾਹਾ ਦੇ ਸਿਟੀ ਕਲੱਬ ਵਿਚ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਸ ਨੇ ਕਰੀਬ ਡੇਢ ਘੰਟੇ ਤੱਕ ਕਲੱਬ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਕੋਲੋਂ ਪੁੱਛ-ਗਿੱਛ ਕੀਤੀ, ਜਦਕਿ ਇਸ ਕਾਰਵਾਈ ਦੌਰਾਨ ਸਿਟੀ ਕਲੱਬ ’ਚੋਂ ਕੁਝ ਵੀ ਬਰਾਮਦ ਨਹੀਂ ਹੋਇਆ। ਉੱਧਰ, ਕਲੱਬ ਮੈਂਬਰਾਂ ਅਤੇ ਪ੍ਰਬੰਧਕਾਂ ਨੇ ਪੁਲਸ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਦੱਸਦਿਆਂ ਜਿੱਥੇ ਪੁਲਸ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕੀਤੀ, ਉੱਥੇ ਹੀ ਉਕਤ ਛਾਪਾਮਾਰੀ ਕਰਨ ਵਾਲੇ ਪੁਲਸ ਅਧਿਕਾਰੀਆਂ ਵਿਰੁੱਧ ਮਾਣਹਾਨੀ ਦਾ ਦਾਅਵਾ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਕਲੱਬ ਦੇ ਪ੍ਰਧਾਨ ਸੁਧੀਰ ਅਰੋਡ਼ਾ ਅਤੇ ਕੈਸ਼ੀਅਰ ਨਰਿੰਦਰ ਮੋਂਗਾ ਨੇ ਦੱਸਿਆ ਕਿ ਸਿਟੀ ਕਲੱਬ ਨੂੰ ਵਾਰ-ਵਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪਹਿਲਾਂ ਵੀ ਪੁਲਸ ਵੱਲੋਂ ਕਲੱਬ ’ਚ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸੀ ਅਤੇ ਪੁਲਸ ਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ, ਜਦਕਿ ਇਸ ਵਾਰ ਵੀ ਕਲੱਬ ਦੇ ਮੈਂਬਰ ਕਲੱਬ ਵਿਚ ਬੈਠੇ ਹੋਏ ਸਨ ਅਤੇ ਪੁਲਸ ਅਧਿਕਾਰੀਆਂ ਨੇ ਕਲੱਬ ’ਚ ਦਾਖਲ ਹੋ ਕੇ ਮੇਨ ਗੇਟ ਅੰਦਰੋਂ ਬੰਦ ਕਰ ਲਿਆ। ਇੰਨਾ ਹੀ ਨਹੀਂ, ਪੁਲਸ ਅਧਿਕਾਰੀਅਾਂ ਵੱਲੋਂ ਪ੍ਰਧਾਨ ਜਾਂ ਕਲੱਬ ਦੇ ਹੋਰ ਮੈਂਬਰਾਂ ਨੂੰ ਜਿੱਥੇ ਕਮਰੇ ਵਿਚ ਬੰਦ ਕਰ ਲਿਆ ਗਿਆ, ਉੱਥੇ ਹੀ ਬਿਨਾਂ ਦੱਸੇ ਕਲੱਬ ਦੇ 5 ਮੈਂਬਰਾਂ ਨੂੰ ਪੁੱਛ-ਗਿੱਛ ਲਈ ਥਾਣਾ ਗਿੱਦਡ਼ਬਾਹਾ ਲੈ ਗਏ। ਇਸ ਸਬੰਧੀ ਕੁਝ ਕਾਂਗਰਸੀ ਆਗੂਆਂ ਅਤੇ ਕਲੱਬ ਮੈਂਬਰਾਂ ਦੇ ਵਿਰੋਧ ਕਾਰਨ ਪੁਲਸ ਨੂੰ ਉਕਤ ਮੈਂਬਰਾਂ ਨੂੰ ਛੱਡਣਾ ਪਿਆ। ਕਲੱਬ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੂੰ ਕੋਈ ਸ਼ਿਕਾਇਤ ਮਿਲੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਪ੍ਰਧਾਨ ਨਾਲ ਗੱਲ ਕਰਨੀ ਚਾਹੀਦੀ ਸੀ ਅਤੇ ਬਾਅਦ ਵਿਚ ਹੀ ਕਲੱਬ ’ਚ ਚੈਕਿੰਗ ਕਰਨੀ ਚਾਹੀਦੀ ਸੀ। ਕਲੱਬ ਮੈਂਬਰਾਂ ਨੇ ਕਿਹਾ ਕਿ ਪੁਲਸ ਦੀ ਇਸ ਕਾਰਵਾਈ ਖ਼ਿਲਾਫ ਉਹ ਮਾਣਯੋਗ ਅਦਾਲਤ ਦਾ ਦਰਵਾਜ਼ਾ ਖਡ਼ਕਾਉਣਗੇ। 
ਦੂਜੇ ਪਾਸੇ ਜਦੋਂ ਉਕਤ ਛਾਪਾਮਾਰੀ ਟੀਮ ਦੀ ਅਗਵਾਈ ਕਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਡੀ. ਐੱਸ. ਪੀ. ਜਸਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਲੱਬ ਵਿਚ ਜੂਆ ਚੱਲਦਾ ਹੋਣ ਦੀ ਸ਼ਿਕਾਇਤ ਮਿਲੀ ਸੀ ਅਤੇ ਉਸ ਸ਼ਿਕਾਇਤ ਦੇ ਆਧਾਰ ’ਤੇ ਹੀ ਉਨ੍ਹਾਂ ਕਲੱਬ ਵਿਚ ਛਾਪਾਮਾਰੀ ਕੀਤੀ ਹੈ। ਇਸ ਦੌਰਾਨ ਕਲੱਬ ’ਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਕਲੱਬ ’ਚ ਸਿਰਫ ਸਬੰਦਤ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਹੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਤਾਸ਼ ਜਾਂ ਟੌਕਨ ਹੀ ਮਿਲੇ ਹਨ, ਜਦਕਿ ਮੇਜ਼ਾਂ ਤੋਂ ਨਕਦੀ ਆਦਿ ਨਹੀਂ ਮਿਲੀ। ਉਨ੍ਹਾਂ ਇਹ ਵੀ ਦੱਸਿਆ ਕਿ ਕਲੱਬ ਮੈਂਬਰਾਂ ਦੀਆਂ ਜੇਬਾਂ ’ਚੋਂ 16 ਹਜ਼ਾਰ ਰੁਪਏ ਨਕਦ ਮਿਲੇ ਹਨ। ਉੱਧਰ, ਕਲੱਬ ਪ੍ਰਬੰਧਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਸ ਨੂੰ ਕਲੱਬ ਮੈਂਬਰਾਂ ਦੀਆਂ ਜੇਬਾਂ ਦੀ ਜ਼ਬਰਦਸਤੀ ਤਲਾਸ਼ੀ ਲੈਣ ਦਾ ਕੋਈ ਹੱਕ ਨਹੀਂ ਹੈ।