ਰਾਹੁਲ ਨੇ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਬਾਰੇ ਜਾਣੀ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਦੀ ਰਾਏ

06/24/2021 6:44:19 PM

ਚੰਡੀਗੜ੍ਹ (ਅਸ਼ਵਨੀ) : ਲਗਾਤਾਰ ਤੀਸਰੇ ਦਿਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਬੈਠਕਾਂ ਦਾ ਦੌਰ ਜਾਰੀ ਰੱਖਿਆ। ਰਾਹੁਲ ਗਾਂਧੀ ਵਲੋਂ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਤਮਾਮ ਨੇਤਾਵਾਂ ਨਾਲ ਗੱਲ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਕੈਪਟਨ ਦੀ ਅਗਵਾਈ ਅਤੇ ਉਨ੍ਹਾਂ ਬਿਨਾ ਚੋਣ ਮੈਦਾਨ ਵਿਚ ਉਤਰਨ ਨਾਲ ਪੈਣ ਵਾਲੇ ਸਿਆਸੀ ਪ੍ਰਭਾਵਾਂ ’ਤੇ ਮੰਥਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਈ ਨੇਤਾਵਾਂ ਨੇ ਰਾਹੁਲ ਗਾਂਧੀ ਦੇ ਸਾਹਮਣੇ ਮਸਲਾ ਚੁੱਕਿਆ ਕਿ ਪੰਜਾਬ ਵਿਚ ਕਾਂਗਰਸ ਜਿਨ੍ਹਾਂ ਵਾਅਦਿਆਂ ਨਾਲ ਸੱਤਾ ਵਿਚ ਆਈ ਸੀ, ਉਨ੍ਹਾਂ ਨੂੰ ਪੂਰਾ ਕਰਨ ਵਿਚ ਸਰਕਾਰ ਨਾਕਾਮ ਰਹੀ ਹੈ। ਮੁੱਖ ਮੰਤਰੀ ਹੋਣ ਦੇ ਨਾਤੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਸੀ ਪਰ ਮੁੱਖ ਮੰਤਰੀ ਨੇ ਇਸ ਦਿਸ਼ਾ ਵਿਚ ਠੋਸ ਪਹਿਲ ਨਹੀਂ ਕੀਤੀ। ਉਧਰ, ਮੱਲਿਕਾਰਜੁਨ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਨੇ ਬਾਅਦ ਦੁਪਹਿਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ ਬਾਰੇ ਪੂਰਾ ਫੀਡਬੈਕ ਦਿੱਤਾ। ਦੱਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਨੇ ਰਾਵਤ ਨਾਲ ਪੰਜਾਬ ਦੇ ਨੇਤਾਵਾਂ ’ਤੇ ਚੁੱਕੀਆਂ ਜਾ ਰਹੀਆਂ ਗੱਲਾਂ ਦਾ ਜ਼ਿਕਰ ਕੀਤਾ ਤਾਂ ਰਾਵਤ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ 18 ਨੁਕਤਿਆਂ ਦਾ ਪੁਲੰਦਾ ਫੜ੍ਹਾ ਦਿੱਤਾ ਗਿਆ, ਜਿਸ ’ਤੇ ਹੁਣ ਉਹ ਐਕਸ਼ਨ ਲੈਣਗੇ।

ਇਹ ਵੀ ਪੜ੍ਹੋ :  6ਵੇਂ ਤਨਖਾਹ ਕਮਿਸ਼ਨ ’ਤੇ ਮਜੀਠੀਆ ਨੇ ਘੇਰੀ ਕਾਂਗਰਸ, ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕੀਤੀ ਮੰਗ

ਮੁੱਖ ਮੰਤਰੀ ਨੂੰ ਸਾਰੇ ਮਸਲੇ ਜਨਤਕ ਮੰਚ ’ਤੇ ਲਿਆਉਣ ਦੇ ਨਿਰਦੇਸ਼
ਮੁੱਖ ਮੰਤਰੀ ਨੂੰ ਹਾਈਕਮਾਨ ਨੇ ਨਿਰਦੇਸ਼ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਅਤੇ ਜਨਤਾ ਵਲੋਂ ਉਠਾਈਆਂ ਜਾ ਰਹੀਆਂ ਮੰਗਾਂ ਨਾਲ ਜੁੜੇ ਮਸਲਿਆਂ ਨੂੰ ਖੁਦ ਮੁੱਖ ਮੰਤਰੀ ਜਨਤਕ ਪਲੇਟਫਾਰਮ ’ਤੇ ਲੈ ਕੇ ਆਉਣ। ਸਾਰੇ ਮਸਲਿਆਂ ’ਤੇ ਵਿਸਥਾਰਪੂਰਵਕ ਗੱਲਬਾਤ ਹੋਵੇ ਤਾਂ ਕਿ ਜਨਤਾ ਵਿਚ ਸਰਕਾਰ ਵਲੋਂ ਉਠਾਏ ਜਾ ਰਹੇ ਅਤੇ ਪ੍ਰਸਤਾਵਿਤ ਕੰਮਾਂ ਨੂੰ ਲੈ ਕੇ ਪੂਰੀ ਤਸਵੀਰ ਸਾਫ਼ ਹੋ ਸਕੇ।

ਮੁੱਖ ਮੰਤਰੀ ਨੂੰ ਦਿੱਤੇ ਗਏ 18 ਨੁਕਤਿਆਂ ਵਿਚ ਇਹ ਨੁਕਤੇ ਵੀ ਸ਼ਾਮਲ
► ਸਿਹਤ ਸੇਵਾਵਾਂ ਮੁਫ਼ਤ ਕਰਨ ਅਤੇ ਮੌਜੂਦਾ ਬੀਮਾ ਯੋਜਨਾ ਵਿਚ ਵਿਸਥਾਰ ਕਰਨ ਨੂੰ ਕਿਹਾ।
► ਦਲਿਤਾਂ ਦੀ ਜ਼ਮੀਨ ਨੂੰ ਰੈਜੂਲਰਾਈਜ਼ ਕਰਨਾ।
► ਕਿਸਾਨਾਂ ਦੀ ਤਰਜ ’ਤੇ ਦਲਿਤਾਂ ਦੇ ਕਰਜ਼ੇ ਮੁਆਫ਼ ਕਰਨਾ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਵਲੋਂ ਝੋਨੇ ਦੀ ਨਿਰਵਿਘਨ ਖ਼ਰੀਦ ਲਈ ਪੁਖਤਾ ਇੰਤਜ਼ਾਮ ਯਕੀਨੀ ਬਣਾਉਣ ਦੇ ਹੁਕਮ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha