ਰਾਹੁਲ ਦੇ ਅਸਤੀਫੇ ਨੂੰ ਲੈ ਕੇ ਪਾਰਟੀ ''ਚ ਮਚਿਆ ਘਮਾਸਾਨ

05/31/2019 4:24:40 PM

ਜਲੰਧਰ (ਚੋਪੜਾ) : ਲੋਕ ਸਭਾ ਦੀਆਂ ਚੋਣਾਂ 'ਚ ਲਗਾਤਾਰ ਹੋਈ ਦੂਜੀ ਕਰਾਰੀ ਹਾਰ ਪਿੱਛੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਆਪਣੇ ਫੈਸਲੇ 'ਤੇ ਬਜ਼ਿੱਦ ਹਨ, ਜਿਸ ਕਾਰਨ ਪਾਰਟੀ 'ਚ ਘਮਾਸਾਨ ਮਚਿਆ ਹੋਇਆ ਹੈ। ਸਭ ਸੀਨੀਅਰ ਕਾਂਗਰਸ ਆਗੂਆਂ ਦੇ ਦਿਲਾਂ 'ਚ ਹੁਣ ਇਹੀ ਸਵਾਲ ਘਰ ਕਰ ਰਿਹਾ ਹੈ ਕਿ ਆਖਿਰ ਹੁਣ ਕੀ ਹੋਵੇਗਾ ਅਤੇ ਕੀ ਨਹੀਂ ਹੋਵੇਗਾ। ਪ੍ਰਿਯੰਕਾ ਸਮੇਤ ਕਈ ਆਗੂਆਂ ਨੇ ਰਾਹੁਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।

ਰਾਹੁਲ ਨੇ 25 ਮਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਬਾਰੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਸੀ। ਉਸ ਤੋਂ ਬਾਅਦ ਕਾਂਗਰਸੀ ਆਗੂਆਂ ਨੂੰ ਉਮੀਦ ਬੱਝੀ ਸੀ ਕਿ ਉਹ ਰਾਹੁਲ ਨੂੰ ਮਨਾ ਲੈਣਗੇ ਪਰ ਮੀਟਿੰਗ 'ਚ ਰਾਹੁਲ ਨੇ ਅਸਤੀਫੇ ਦੀ ਹੀ ਪੇਸ਼ਕਸ਼ ਕਰ ਦਿੱਤੀ, ਜਿਸ ਨੂੰ ਕਮੇਟੀ ਦੇ ਹੋਰਨਾਂ ਆਗੂਆਂ ਨੇ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ। ਰਾਹੁਲ ਨੇ ਪਾਰਟੀ ਆਗੂਆਂ ਨੂੰ ਗੈਰ ਗਾਂਧੀ ਪਰਿਵਾਰ ਨਾਲ ਸਬੰਧਿਤ ਕਿਸੇ ਨੇਤਾ ਨੂੰ ਪ੍ਰਧਾਨ ਬਣਾਉਣ ਲਈ ਕਿਹਾ। ਹੁਣ ਪਾਰਟੀ ਰਾਹੁਲ ਨੂੰ ਹੀ ਪ੍ਰਧਾਨ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਬਦਲਾਂ 'ਤੇ ਵਿਚਾਰ ਕਰ ਰਹੀ ਹੈ। ਰਾਹੁਲ ਨੇ ਵੀਰਵਾਰ ਰਾਤ ਤੱਕ ਕਾਂਗਰਸ ਵਰਕਿੰਗ ਕਮੇਟੀ ਨੂੰ ਆਪਣਾ ਲਿਖਤੀ ਅਸਤੀਫਾ ਨਹੀਂ ਭੇਜਿਆ ਸੀ। ਰਾਹੁਲ ਦਾ ਟਵਿਟਰ ਅਕਾਊਂਟ ਪ੍ਰੋਫਾਈਲ ਵੀਰਵਾਰ ਵੀ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਹੀ ਦੱਸ ਰਿਹਾ ਸੀ। ਇਸ ਕਾਰਨ ਕਾਂਗਰਸੀ ਗਲਿਆਰਿਆਂ 'ਚ ਇਹ ਉਮੀਦ ਬਣੀ ਹੋਈ ਕਿ ਰਾਹੁਲ ਨੂੰ ਪਾਰਟੀ ਜਲਦੀ ਹੀ ਮਨਾ ਲਵੇਗੀ।

ਪਾਰਟੀ ਦੇ ਚੋਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਰਾਹੁਲ ਆਪਣੇ ਫੈਸਲੇ 'ਤੇ ਕਾਇਮ ਰਹਿੰਦੇ ਹੋਏ ਪਾਰਟੀ ਦੀ ਬਚੀ ਖੁਚੀ ਸਿਆਸੀ ਪੂੰਜੀ ਨੂੰ ਵੀ ਘਟਾ ਰਹੇ ਹਨ। ਕਾਂਗਰਸ ਦੀਆਂ ਕਈ ਸਹਿਯੋਗੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਰਾਹੁਲ ਨੂੰ ਆਪਣੇ ਫੈਸਲਾ ਬਦਲਣ ਲਈ ਕਿਹਾ ਹੈ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਰਾਹੁਲ ਵਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਭਾਜਪਾ ਦੇ ਜਾਲ 'ਚ ਫਸਣਾ ਹੋਵੇਗਾ ਕਿਉਂਕਿ ਜਿਵੇਂ ਹੀ ਗਾਂਧੀ-ਨਹਿਰੂ ਪਰਿਵਾਰ ਤੋਂ ਹਟ ਕੇ ਕੋਈ ਹੋਰ ਵਿਅਕਤੀ ਕਾਂਗਰਸ ਦਾ ਪ੍ਰਧਾਨ ਬਣੇਗਾ ਤਾਂ ਉਸੇ ਸਮੇਂ ਮੋਦੀ ਅਤੇ ਸ਼ਾਹ ਦੇ ਬ੍ਰਿਗੇਡ ਵਲੋਂ ਉਸ ਨੂੰ ਕਠਪੁਤਲੀ ਕਰਾਰ ਦੇ ਦਿੱਤਾ ਜਾਵੇਗਾ। ਉਸ ਦਾ ਰਿਮੋਟ ਕੰਟਰੋਲ ਰਾਹੁਲ ਅਤੇ ਮਾਤਾ ਸੋਨੀਆ ਦੇ ਹੱਥਾਂ 'ਚ ਦੱਸਿਆ ਜਾਵੇਗਾ।

ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜੇ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਬਣਦਾ ਹੈ ਤਾਂ ਪਾਰਟੀ 'ਚ ਕਈ ਧੜੇ ਬਣ ਜਾਣਗੇ। ਇਸ ਦਾ ਸਭ ਤੋਂ ਵੱਧ ਲਾਭ ਭਾਜਪਾ ਨੂੰ ਹੋਵੇਗਾ। ਅਜਿਹੇ ਹਾਲਾਤ 'ਚ ਖੁਦ ਰਾਹੁਲ ਨੂੰ ਹੀ ਆਪਣੀ ਪਸੰਦ ਦਾ ਵਿਅਕਤੀ ਦੱਸਣਾ ਪਵੇਗਾ। ਅਜਿਹੇ ਵਿਅਕਤੀ ਦੇ ਨਾਮ 'ਤੇ ਸੋਨੀਆ ਅਤੇ ਪ੍ਰਿਯੰਕਾ ਦੀ ਸਹਿਮਤੀ ਹੋਣ 'ਤੇ ਗੱਲ ਅੱਗੇ ਵਧੇਗੀ। ਸਪੱਸ਼ਟ ਹੈ ਕਿ ਗਾਂਧੀ ਪਰਿਵਾਰ ਤੋਂ ਬਾਹਰ ਕਿਸੇ ਨੂੰ ਵੀ ਜੇ ਪਾਰਟੀ ਦੀ ਕਮਾਂਡ ਸੌਂਪੀ ਗਈ ਤਾਂ ਕਾਂਗਰਸ ਉਸ ਨੂੰ ਨਹੀਂ ਮੰਨਗੀ। ਪਾਰਟੀ ਆਗੂਆਂ ਦੇ ਇਕ ਵੱਡੇ ਵਰਗ ਦਾ ਕਹਿਣਾ ਹੈ ਕਿ ਨਵਾਂ ਪ੍ਰਧਾਨ ਮਹਾਸ਼ਕਤੀਸ਼ਾਲੀ ਭਾਜਪਾ ਦੀ ਸ਼ਕਤੀ ਦੇ ਦਬਾਅ ਅੱਗੇ ਕੁਝ ਕਰਾਮਾਤ ਸ਼ੁਰੂ ਕਰ ਸਕਦਾ ਹੈ। ਇੱਥੋਂ ਤੱਕ ਕਿ ਪਾਲਾ ਬਦਲ ਕੇ ਭਾਜਪਾ 'ਚ ਵੀ ਜਾ ਸਕਦਾ ਹੈ। ਇਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਅਤੇ ਉਸ ਦੇ ਆਗੂਆਂ ਨਾਲ ਸਿੱਧਾ ਲੜਨ ਦੀ ਹੈਸੀਅਤ ਅਤੇ ਦਮ ਰਾਹੁਲ ਗਾਂਧੀ ਤੋਂ ਬਿਨਾਂ ਕਾਂਗਰਸ 'ਚ ਹੋਰ ਕਿਸੇ ਕੋਲ ਵੀ ਨਹੀਂ ਹੈ।

ਚੋਣ ਨਤੀਜਿਆਂ ਪਿੱਛੋਂ ਪਾਰਟੀ 'ਚ ਵਾਪਰੇ ਘਟਨਾ ਚੱਕਰ ਕਾਰਨ ਸਭ ਆਗੂ ਕਿਸੇ ਨਾ ਕਿਸੇ ਕਾਰਨ ਡਰੇ ਹੋਏ ਹਨ। ਕਾਂਗਰਸ ਦੀ ਉਚਲਾਬੀ ਦਾ ਕਹਿਣਾ ਹੈ ਕਿ ਹੁਣ ਸਮਾਂ ਸੰਗਠਨ ਨੂੰ ਮੁੜ ਪੈਰਾ 'ਤੇ ਖੜ੍ਹੇ ਕਰਨ ਦਾ ਹੈ। ਸੜਕਾਂ 'ਤੇ ਉਤਰ ਕੇ ਸੱਤਾਧਾਰੀ ਪਾਰਟੀ ਦੀਆਂ ਕਮੀਆਂ ਨੂੰ ਬੇਨਕਾਬ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਦਾ ਬਣਾਉਣ ਸਮੇਤ ਲੋਕਾਂ ਦੇ ਹੱਕਾਂ ਲਈ ਜੂਝਣ ਦਾ ਵੀ ਇਹ ਸਮਾਂ ਹੈ। ਇੰਝ ਕਰਨ ਨਾਲ ਹੀ ਦੇਸ਼ ਦੇ ਕਾਂਗਰਸੀ ਵਰਕਰਾਂ ਦਾ ਡਿੱਗਿਆ ਮਨੋਬਲ ਉੱਚਾ ਕੀਤਾ ਜਾ ਸਕੇਗਾ। ਇਸ ਸਮੇਂ ਹਾਲਾਤ ਇਹ ਹਨ ਕਿ ਪਾਰਟੀ ਦਿਸ਼ਾਹੀਣ ਹੋ ਕੇ ਪਾਰਟੀ ਪ੍ਰਧਾਨ ਦੇ ਮਾਮਲੇ 'ਚ ਹੀ ਉਲਝੀ ਹੋਈ ਹੈ।
 

Anuradha

This news is Content Editor Anuradha