ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਰਿਵਾਰ ਨੂੰ ਮਿਲ ਵੰਡਾਇਆ ਦੁੱਖ

06/07/2022 12:27:13 PM

ਮਾਨਸਾ (ਮਿਤਲ)- ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਯਾਨੀ ਕਿ ਮੰਗਲਵਾਰ ਨੂੰ ਮਾਨਸਾ ਜ਼ਿਲ੍ਹੇ ਸਥਿਤ ਪਿੰਡ ਮੂਸਾ ਪਹੁੰਚੇ। ਇੱਥੇ ਉਨ੍ਹਾਂ ਨੇ ਮਰਹੂਮ ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲ ਕੇ ਦੁੱਖ ਵੰਡਾਇਆ। ਮੁਲਾਕਾਤ ਦੌਰਾਨ ਰਾਹੁਲ ਗਾਂਧੀ, ਮੂਸੇਵਾਲਾ ਦੇ ਪਿਤਾ ਨਾਲ ਗਲ ਲੱਗਦੇ ਹੋਏ ਨਜ਼ਰ ਆਏ। ਇਸ ਬਾਬਤ ਕਾਂਗਰਸ ਪਾਰਟੀ ਨੇ ਫੇਸਬੁੱਕ ਪੇਜ਼ ’ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ- ਸਾਨੂੰ ਦਰਦ ਦਾ ਅਹਿਸਾਸ ਹੈ... ਅਸੀਂ ਦਰਦ ਵੰਡਣਾ ਸਿੱਖਿਆ ਹੈ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਮਾਨਸਾ ਪਹੁੰਚਣ ਤੋਂ ਪਹਿਲਾਂ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ। ਸੁਰੱਖਿਆ ਘੇਰੇ ’ਚ ਰਾਹੁਲ ਗਾਂਧੀ ਨੂੰ ਸਿੱਧੂ ਮੂਸੇਵਾਲਾ ਦੇ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਓ. ਪੀ ਸੋਨੀ ਸਮੇਤ ਕਈ ਹੋਰ ਕਾਂਗਰਸੀ ਆਗੂ ਵੀ ਰਾਹੁਲ ਦੇ ਨਾਲ ਪਿੰਡ ਮੂਸਾ ਪੁੱਜੇ। ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਸ ਨੇ ਜਾਂਚ ’ਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ।

ਇਹ ਵੀ ਪੜ੍ਹੋ- ਨੀਰਜ ਬਵਾਨਾ ਨੂੰ ਕਿਹਾ ਜਾਂਦੈ ‘ਦਿੱਲੀ ਦਾ ਦਾਊਦ’, ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ’ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਘਟਨਾ ਸੂਬਾ ਸਰਕਾਰ ਵੱਲੋਂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰਨ ਤੋਂ ਬਾਅਦ ਵਾਪਰੀ ਹੈ। ਹਮਲੇ ਵਿਚ ਮੂਸੇਵਾਲਾ ਦੇ ਦੋ ਦੋਸਤ ਵੀ ਜ਼ਖ਼ਮੀ ਹੋਏ ਹਨ, ਜੋ ਮੂਸੇਵਾਲਾ ਨਾਲ ਥਾਰ ਵਿਚ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ।  ਮੂਸੇਵਾਲਾ ਉਨ੍ਹਾਂ 424 ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਦੀ ਸੁਰੱਖਿਆ ਨੂੰ ਪੰਜਾਬ ਪੁਲਸ ਨੇ ਅਸਥਾਈ ਤੌਰ 'ਤੇ ਹਟਾ ਦਿੱਤਾ ਜਾਂ ਘਟਾ ਦਿੱਤਾ ਸੀ। ਪੰਜਾਬ ਪੁਲਸ ਮੁਤਾਬਕ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਬਿਸ਼ਨੋਈ ਗੈਂਗ ਦੇ ਮੈਂਬਰ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। 

 

 

 

Tanu

This news is Content Editor Tanu