ਕੁਰਸੀ ਬਚਾਉਣ ਲਈ ਵਾਰ-ਵਾਰ ਰਾਹੁਲ ਗਾਂਧੀ ਦੇ ਦਰਬਾਰ ਮੱਥਾ ਰਗੜ ਰਹੇ ਕੈਪਟਨ : ਚੀਮਾ

06/24/2021 12:53:08 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲਾਵਾਰਿਸ ਛੱਡ ਕੇ ਆਪਣੀ ਕੁਰਸੀ ਬਚਾਉਣ ਲਈ ਵਾਰ-ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿਚ ਮੱਥਾ ਰਗੜ ਰਹੇ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਸਰਕਾਰ ਨੌਕਰੀਆਂ ਮੰਗ ਰਹੇ ਬੇਰੁਜ਼ਗਾਰ ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਧੋਖਾ ਦਿੱਤਾ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਵਾਅਦੇ ਤਾਂ ਕੀ ਪੂਰੇ ਕਰਨੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਨ ਵਾਲੇ ਦੋਸ਼ੀਆਂ ਅਤੇ ਸਿੱਖਾਂ ’ਤੇ ਗੋਲੀ ਚਲਾਉਣ ਵਾਲਿਆਂ ਸਾਜਿਸ਼ਘਾੜਿਆਂ ਨੂੰ ਵੀ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਅੱਜ ਪੰਜਾਬ ਵਿਚ ਹਰ ਦਿਨ ਨਕਲੀ ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਫੜ੍ਹੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ :  6ਵੇਂ ਤਨਖਾਹ ਕਮਿਸ਼ਨ ’ਤੇ ਮਜੀਠੀਆ ਨੇ ਘੇਰੀ ਕਾਂਗਰਸ, ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕੀਤੀ ਮੰਗ

ਬਾਦਲਾਂ ਦੇ ਰਾਜ ਦੀ ਤਰ੍ਹਾਂ ਨਸ਼ਾ ਮਾਫ਼ੀਆ, ਟਰਾਂਸਪਰਟ ਮਾਫੀਆ, ਰੇਤ ਤੇ ਖਣਿਜ ਮਾਫ਼ੀਆ ਅਤੇ ਗੁੰਡਾਗਰਦੀ ਜਾਰੀ ਹੈ ਅਤੇ ਪੰਜਾਬ ਦੇ ਲੋਕ ਪੁਲਸ ਅਤੇ ਮਾਫ਼ੀਆ ਰਾਜ ਦੇ ਜ਼ੁਲਮਾਂ ਨਾਲ ਤੜਫ ਰਹੇ ਹਨ। ਮਹਿੰਗਾਈ ਸਿਖ਼ਰ ’ਤੇ ਪਹੁੰਚ ਗਈ ਹੈ ਅਤੇ ਗਰੀਬ ਲੋਕਾਂ ਨੂੰ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਨੂੰ ਛੱਡ ਕੇ ਦਿੱਲੀ ਦਰਬਾਰ ਦੀਆਂ ਹਜ਼ਾਰੀਆਂ ਭਰਨ ਵਿਚ ਮਸਤ ਹੈ। ਅਮੀਰ ਕਾਂਗਰਸੀਆਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਜਦੋਂ ਕਿ ਆਮ ਲੋਕਾਂ ਦੇ ਧੀਆਂ ਪੁੱਤ ਹਰ ਦਿਨ ਪੰਜਾਬ ਪੁਲਸ ਦੀਆਂ ਡਾਂਗਾਂ ਖਾ ਰਹੇ ਹਨ। ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 2022 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਕੋਲੋਂ 2017 ਵਿਚ ਕੀਤੇ ਚੋਣ ਵਾਅਦਿਆਂ ਹਿਸਾਬ ਕਿਤਾਬ ਜ਼ਰੂਰ ਲੈਣ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਝੋਨੇ ਦੀ ਨਿਰਵਿਘਨ ਖ਼ਰੀਦ ਲਈ ਪੁਖਤਾ ਇੰਤਜ਼ਾਮ ਯਕੀਨੀ ਬਣਾਉਣ ਦੇ ਹੁਕਮ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha