29 ਲੱਖ ਦੀ ਲਾਗਤ ਨਾਲ ਬਣੇਗੀ ਰਾਹੋਂ-ਰੋਪੜ ਨੂੰ ਜੋੜਦੀ ਸੜਕ

09/18/2019 2:16:27 PM

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਰਾਹੋਂ ਤੋਂ ਰੋਪੜ ਰੋਡ ਨੂੰ ਜੋੜਦੀ ਫਿਰਨੀ ਸੜਕ, ਜਿਸ ਦੀ ਹਾਲਤ ਬੇਹੱਦ ਖਸਤਾ ਸੀ, ਉਸ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਅੱਜ ਇਹ ਵਿਕਾਸ ਕਾਰਜ ਆਰੰਭ ਕਰਨ ਮੌਕੇ ਪੁੱਜੇ ਵਿਧਾਇਕ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਮਾਛੀਵਾੜਾ ਵਲੋਂ 29 ਲੱਖ ਰੁਪਏ ਦੀ ਲਾਗਤ ਨਾਲ ਇਹ ਸੀ. ਸੀ ਫਲੋਰਿੰਗ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜੋ ਕਿ ਕਰੀਬ ਡੇਢ ਮਹੀਨੇ ਅੰਦਰ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਢਿੱਲੋਂ ਨੇ ਦੱਸਿਆ ਕਿ ਬਾਰਸ਼ਾਂ ਦੇ ਦਿਨਾਂ ਵਿਚ ਇਸ ਸੜਕ ਉਪਰ ਪਾਣੀ ਖੜ ਜਾਂਦਾ ਸੀ ਜਿਸ ਨਾਲ ਲੁੱਕ ਵਾਲੀ ਸੜਕ ਟੁੱਟ ਜਾਂਦੀ ਸੀ ਇਸ ਲਈ ਨਗਰ ਕੌਂਸਲ ਵਲੋਂ ਇਸ ਦਾ ਪੱਕਾ ਹੱਲ ਕੱਢਦਿਆਂ ਇਹ ਸੜਕ ਸੀ.ਸੀ ਫਲੋਰਿੰਗ ਬਣਾਈ ਜਾ ਰਹੀ ਹੈ। ਵਿਧਾਇਕ ਢਿੱਲੋਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਜੋ ਹੋਰ ਵੀ ਟੁੱਟੀਆਂ ਸੜਕਾਂ ਦੀ ਮੁਰੰਮਤ ਹੋਣ ਵਾਲੀ ਹੈ, ਉਸਦਾ ਨਿਰਮਾਣ ਕਾਰਜ਼ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਦੱਸਿਆ ਕਿ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜੋ ਗ੍ਰਾਂਟ ਲੈ ਕੇ ਦਿੱਤੀ ਸੀ ਉਸ ਤਹਿਤ ਇਹ ਵਿਕਾਸ ਕਾਰਜ਼ ਸ਼ੁਰੂ ਕਰਵਾਏ ਗਏ ਹਨ ਅਤੇ ਇਸ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਸੀ ਜੋ ਹੁਣ ਦੂਰ ਹੋ ਜਾਵੇਗੀ। ਇਸ ਮੌਕੇ ਉਪ ਪ੍ਰਧਾਨ ਪਰਮਜੀਤ ਪੰਮੀ, ਕਪਿਲ ਆਨੰਦ, ਗੁਰਨਾਮ ਸਿੰਘ ਖਾਲਸਾ, ਸੁਰਿੰਦਰ ਜੋਸ਼ੀ, ਅਮਰਜੀਤ ਸਿੰਘ ਕਾਲਾ, ਵਿਜੈ ਕੁਮਾਰ ਚੌਧਰੀ, ਪਰਮਜੀਤ ਪੰਮਾ (ਸਾਰੇ ਕੌਂਸਲਰ), ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਉਪ ਚੇਅਰਮੈਨ ਸੁਖਪ੍ਰੀਤ ਝੜੌਦੀ, ਪੀ.ਏ ਲਵੀ ਢਿੱਲੋਂ, ਪੀ.ਏ ਰਾਜੇਸ਼ ਬਿੱਟੂ, ਚੇਤਨ ਕੁਮਾਰ, ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ, ਠੇਕੇਦਾਰ ਸਤਨਾਮ ਸਿੰਘ, ਕਮਲਜੀਤ ਸਿੰਘ, ਆੜ੍ਹਤੀ ਤਰਨਜੋਤ ਸਿੰਘ, ਕਲੋਨਾਈਜ਼ਰ ਸੁਖਪਾਲ ਸਿੰਘ ਬੈਨੀਪਾਲ, ਸਤੀਸ਼ ਕੁਮਾਰ, ਮਹਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਕੁੱਝ ਲੋਕ ਸਮਾਜ ਸੇਵੀ ਘੱਟ ਅਤੇ ਸਿਆਸੀ ਲਾਹਾ ਲੈਣ ਲਈ ਧਰਨਾ ਲਗਾ ਰਹੇ ਨੇ
ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕੁੱਝ ਲੋਕ ਸਮਾਜ ਸੇਵੀ ਘੱਟ ਤੇ ਸਿਆਸੀ ਲਾਹਾ ਲੈਣ ਲਈ ਟੁੱਟੀਆਂ ਸੜਕਾਂ ਦਾ ਮੁੱਦਾ ਬਣਾ ਕੇ ਸਿਆਸਤ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਕੇਵਲ ਸਰਕਾਰ ਦਾ ਅਕਸ਼ ਖ਼ਰਾਬ ਕਰਨ ਅਤੇ ਆਪਣੀ ਸਿਆਸਤ ਚਮਕਾਉਣ ਲਈ ਧਰਨੇ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਗਨੀ ਖਾਂ ਨਬੀ ਖਾਂ ਗੇਟ ਤੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਤੱਕ ਜਾਂਦੀ ਸੜਕ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਆਉਣ ਤੋਂ ਪਹਿਲਾਂ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੰਨਾ-ਮਾਛੀਵਾੜਾ ਸੜਕ ਦਾ ਕੰਮ ਜੋ ਬਾਰਿਸ਼ਾਂ ਕਾਰਨ ਬੰਦ ਹੋ ਗਿਆ ਸੀ ਉਹ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।  

Babita

This news is Content Editor Babita