ਰਾਘਵ ਚੱਢਾ ਦੀ ਮੁੱਖ ਮੰਤਰੀ ਚੰਨੀ ਨੂੰ ਵੱਡੀ ਚੁਣੌਤੀ, ਕਾਂਗਰਸ ਹਾਈਕਮਾਨ ਨੂੰ ਪੁੱਛੇ 4 ਸਵਾਲ

01/23/2022 8:23:11 PM

ਨਵੀਂ ਦਿੱਲੀ/ਜਲੰਧਰ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਈ.ਡੀ. ਦੀ ਰੇਡ ਮਗਰੋਂ ਬਰਾਮਦ ਹੋਏ ਪੈਸਿਆਂ ਨੂੰ ਲੈ ਕੇ ਵੱਡੇ ਸਵਾਲ ਉਠਾਏ ਹਨ। ਰਾਘਵ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਵੀ ਚੰਨੀ ਦੇ ਹਲਕੇ ਵਿੱਚ ਲਾਈਵ ਰੇਡ ਕਰਕੇ ਖ਼ੁਲਾਸਾ ਕੀਤਾ ਸੀ ਕਿ ਕਿਵੇਂ ਨਾਜਾਇਜ਼ ਰੇਤ ਮਾਈਨਿੰਗ ਹੋ ਰਹੀ ਹੈ ਅਤੇ ਹੁਣ ਈ.ਡੀ. ਦੀ ਰੇਡ ਨੇ ਇਸ ਦਾਅਵੇ ਨੂੰ ਸੱਚ ਸਾਬਿਤ ਕਰ ਵਿਖਾਇਆ ਹੈ। ਇਸ ਰੇਡ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰੋਂ 10 ਕਰੋੜ ਦੀ ਨਕਦੀ, ਲੱਖਾਂ ਦਾ ਸੋਨਾ ਅਤੇ ਕਰੋੜਾਂ ਦੀਆਂ ਗੱਡੀਆਂ ਬਰਾਮਦ ਹੋਈਆਂ ਹਨ। ਜੇਕਰ ਇਹ ਰੇਡ ਚੰਨੀ ਦੇ ਘਰ ਹੁੰਦੀ ਤਾਂ ਕਿੰਨਾ ਪੈਸਾ ਬਰਾਮਦ ਹੁੰਦਾ ਤੇ ਜੇਕਰ ਚੰਨੀ ਸਾਬ੍ਹ 5 ਸਾਲ ਮੁੱਖ ਮੰਤਰੀ ਰਹਿੰਦੇ ਤਾਂ ਕਿੰਨੇ ਪੈਸੇ ਬਰਾਮਦ ਹੁੰਦੇ।

ਇਹ ਵੀ ਪੜ੍ਹੋ : ਵਿਆਹ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਤਿੰਨ ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਰਾਘਵ ਚੱਢਾ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਚੰਨੀ ਸਬੰਧੀ ਵੱਡਾ ਦਾਅਵਾ ਕੀਤਾ ਹੈ। ਕੈਪਟਨ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ 'ਤੇ ਹੁੰਦਿਆਂ ਸੋਨੀਆ ਗਾਂਧੀ ਨੂੰ ਦੱਸਿਆ ਸੀ ਕਿ ਚਰਨਜੀਤ ਚੰਨੀ ਸਮੇਤ ਉੱਪਰ ਤੋਂ ਲੈ ਕੇ ਹੇਠਾਂ ਤੱਕ ਸੀਨੀਅਰ ਮੰਤਰੀਆਂ ਸਣੇ ਬਹੁਤ ਸਾਰੇ ਲੋਕ ਨਾਜਾਇਜ਼ ਰੇਤ ਮਾਈਨਿੰਗ ’ਚ ਸ਼ਾਮਲ ਹਨ ਪਰ ਕਾਂਗਰਸ ਹਾਈਕਮਾਨ ਨੇ ਕੋਈ ਕਾਰਵਾਈ ਨਹੀਂ ਕੀਤੀ।ਰਾਘਵ ਨੇ ਕੈਪਟਨ ਦੇ ਇਸ ਬਿਆਨ ਨੂੰ ਆਧਾਰ ਬਣਾ ਕੇ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ 4 ਸਵਾਲ ਪੁੱਛੇ ਹਨ।ਪਹਿਲਾ ਸਵਾਲ- ਜਦੋਂ ਕੈਪਟਨ ਨੇ ਦੱਸ ਦਿੱਤਾ ਸੀ ਕਿ ਚੰਨੀ ਸਾਬ੍ਹ ਗ਼ੈਰ-ਨਾਜਾਇਜ਼ ਰੇਤ ਮਾਈਨਿੰਗ ਕਰਦੇ ਹਨ ਤਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ।ਦੂਜਾ ਸਵਾਲ- ਇਹ ਇਲਜ਼ਾਮ ਲੱਗਣ ਮਗਰੋਂ ਵੀ ਚੰਨੀ ਸਾਬ੍ਹ ਨੂੰ ਮੁੱਖ ਮੰਤਰੀ ਕਿਉਂ ਬਣਾਇਆ ਗਿਆ।ਤੀਜਾ ਸਵਾਲ-ਜਦੋਂ ਈ.ਡੀ. ਦੀ ਰੇਡ ਸਮੇਂ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਨਕਦ ਬਰਾਮਦ ਹੋਏ ਤਾਂ ਚੰਨੀ ਸਾਬ੍ਹ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਕਿਉਂ ਨਹੀਂ। ਕਾਂਗਰਸ ਪਾਰਟੀ 'ਚੋਂ ਸਸਪੈਂਡ ਕਿਉਂ ਨਹੀਂ ਕੀਤਾ ਗਿਆ। ਚੌਥਾ ਸਵਾਲ-ਜੇਕਰ ਤੁਸੀਂ ਚੰਨੀ ਸਾਬ੍ਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਸਮਝਿਆ ਜਾਵੇ ਕਿ ਇਸ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦੇ ਪੈਸਿਆਂ ਦਾ ਇਕ ਹਿੱਸਾ ਹਾਈਕਮਾਨ ਤੱਕ ਵੀ ਜਾਂਦਾ ਹੈ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਕਰਨ ਵਾਲੇ ਅਕਾਲੀ ਦਲ ਸੰਯੁਕਤ ਵਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਬੀਤੇ ਕੱਲ੍ਹ ਬਿਕਰਮ ਮਜੀਠਿਆ ਨੇ ਗ਼ੈਰ ਕਾਨੂੰਨੀ ਰੇਤ ਮਾਈਨਿੰਗ, ਚੰਨੀ-ਹਨੀ-ਮਨੀ(ਪੈਸਾ) ਦੇ ਗਠਜੋੜ ਤਹਿਤ ਗ਼ੈਰ ਕਾਨੂੰਨੀ ਕੰਮ ਕਰਕੇ ਪੈਸੇ ਕਮਾਉਣ, ਚਮਕੌਰ ਸਾਹਿਬ ਹਲਕੇ ਵਿੱਚ ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਮਾਈਨਿੰਗ, 111 ਦਿਨਾਂ ਦੇ ਮੁੱਖ ਮੰਤਰੀ ਕਾਰਜਕਾਲ ਵਿੱਚ 1111 ਕਰੋੜ ਰੁਪਏ ਕਮਾਉਣ ਦੇ ਇਲਜ਼ਾਮ ਲਗਾਏ ਹਨ, ਕੀ ਹੁਣ ਚੰਨੀ ਸਾਬ੍ਹ ਬਿਕਰਮ ਮਜੀਠਿਆ ਖ਼ਿਲਾਫ਼ ਵੀ ਮਾਨਹਾਨੀ ਦਾ ਮੁੱਕਦਮਾ ਕਰਨਗੇ। ਉਨ੍ਹਾਂ ਸਵਾਲ ਪੁੱਛਿਆ ਕਿ ਕੀ ਹੁਣ ਮੁੱਖ ਮੰਤਰੀ ਚੰਨੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਬਿਕਰਮ ਮਜੀਠੀਆ 'ਤੇ ਵੀ ਮਾਨਹਾਨੀ ਦਾ ਮੁਕੱਦਮਾ ਦਰਜ ਕਰਨਗੇ?

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


 

Harnek Seechewal

This news is Content Editor Harnek Seechewal