ਹਾੜੀ ਦੀਆਂ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਕਰਨੀ ਜ਼ਰੂਰੀ - ਡਾ. ਬਲਜਿੰਦਰ ਸਿੰਘ ਬਰਾੜ

10/20/2017 5:40:05 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ  ਢੁਡੀ ਮੁਕਤਸਰ) - ਹਾੜੀ ਦੀਆਂ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਫਸਲ ਬੀਜਣ ਤੋਂ ਪਹਿਲਾਂ ਬੀਜ ਦੀ ਸੋਧ ਕਰਨੀ ਬੇਹੱਦ ਜ਼ਰੂਰੀ ਹੈ। ਜੇਕਰ ਕਿਸਾਨ ਬੀਜ ਦੀ ਸੋਧ ਕਰਕੇ ਫਸਲ ਦੀ ਬਿਜਾਈ ਕਰਨਗੇ ਤਾਂ ਫਸਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਤੋਂ ਬਚ ਜਾਂਦੀ ਹੈ, ਜਿਸ ਕਾਰਨ ਫਸਲ ਦਾ ਭਰਪੂਰ ਝਾੜ ਹੁੰਦਾ ਹੈ। ਇਹ ਸਲਾਹ ਜ਼ਿਲਾ ਖੇਤੀਬਾੜੀ ਅਧਿਕਾਰੀ ਡਾ. ਬਲਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਹਾੜੀ ਦੀਆਂ ਵੱਖ-ਵੱਖ ਫਸਲਾਂ ਦੇ ਬੀਜ ਸੋਧ ਕਰਨ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਫਸਲ ਨੂੰ ਬੀਜਣ ਤੋਂ ਪਹਿਲਾਂ ਉਸਦੇ ਬੀਜ਼ ਦੀ ਸੋਧ ਕਰ ਲਈ ਜਾਵੇ ਤਾਂ ਉਸ ਫਸਲ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ, ਜਿਸ ਕਾਰਨ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਆਉਣ ਵਾਲੇ ਖਰਚੇ ਦੀ ਬੱਚਤ ਹੋ ਜਾਂਦੀ ਹੈ। ਡਾ. ਬਲਜਿੰਦਰ ਸਿੰਘ ਬਰਾੜ ਨੇ ਕਿਹਾ ਫਸਲ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧਣਾ ਇਨਾਂ ਹੀ ਜ਼ਰੂਰੀ ਹੈ ਜਿੰਨਾਂ ਕਿਸੇ ਛੋਟੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੋਲੀਓ ਦੀਆਂ ਬੂੰਦਾਂ ਪਿਲਾਉਣੀਆਂ ਜ਼ਰੂਰੀ ਹਨ। 
ਡਾ. ਬਲਜਿੰਦਰ ਸਿੰਘ ਬਰਾੜ ਨੇ ਕਿਸਾਨ ਭਰਾਵਾਂ ਨੂੰ ਹਾੜੀ ਦੀਆਂ ਮੁੱਖ ਫਸਲਾਂ ਦੇ ਬੀਜ ਨੂੰ ਸੋਧਣ ਬਾਰੇ ਕੁਝ ਸੁਝਾਅ ਦਿੱਤੇ ਹਨ ਜਿਸ ਨੂੰ ਅਪਣਾ ਕੇ ਤੁਸੀਂ ਵੀ ਫਸਲਾਂ ਦੀ ਪੈਦਾਵਾਰ 'ਚ ਵਾਧਾ ਕਰ ਸਕਦੇ ਹੋ।
ਕਣਕ - ਉਨ੍ਹਾਂ ਦੱਸਿਆ ਕਿ ਕਣਕ ਹਾੜੀ ਦੀ ਮੁੱਖ ਫਸਲ ਹੈ। ਕਣਕ ਦੀਆਂ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਆਦਿ ਕੁਝ ਅਜਿਹੀਆਂ ਬਿਮਾਰੀਆ ਹਨ, ਜਿਨ੍ਹਾਂ ਦੀ ਰੋਕਥਾਮ ਸਿਰਫ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ੳਉੱਲੀਨਾਸ਼ਕ ਰਸਾਇਣਾਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ 'ਚ ਸਿਊਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿ. ਲੀ ਕਲੋਰੋਪਾਈਰੀਫਾਸ 20 ਈ. ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5% ਐੱਸ. ਸੀ. ਨੂੰ ਇਕ ਲਿਟਰ ਪਾਣੀ 'ਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ 'ਤੇ ਪਤਲੀ ਤਹਿ ਵਿਛਾ ਕੇ ਛਿੜਕਾੳ ਕਰਕੇ  ਸੁਕਾ ਲਓ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਕਿਸਮਾਂ ਦੇ ਬੀਜ (ਡਬਲਯੂ. ਐੱਚ. ਡੀ 943, ਪੀ. ਡੀ. ਡਬਲਯੂ 291, ਪੀ. ਡੀ. ਡਬਲਯੂ 233 ਅਤੇ ਟੀ. ਐੱਲ. 2908 ਨੂੰ ਛੱਡ ਕੇ) ਨੂੰ ਰੈਕਸਲ ਈਜ਼ੀ / ਓਰੀਅਸ 6 ਐੱਫ. ਐੱਸ (ਟੈਬੂਕੋਨਾਜ਼ੋਲ) 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ (13 ਮਿ. ਲੀ. ਦਵਾਈ ਨੂੰ 400 ਮਿ. ਲੀ. ਪਾਣੀ 'ਚ ਘੋਲ ਕੇ 40 ਕਿਲੋ ਬੀਜ ਨੂੰ ਲਗਾਉ) ਜਾਂ ਵੀਟਾਵੈਕਸ ਪਾਵਰ 75 ਡਬਲਯੂ. ਐੱਸ (ਕਾਰਬੋਕਸਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) 120 ਗ੍ਰਾਮ ਜਾਂ ਵੀਟਾਵੈਕਸ ਪਾਵਰ 75 ਡਬਲਯੂ. ਐੱਸ (ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀ. ਐੱਸ/ਐਕਸਜ਼ੋਲ 2 ਡੀ. ਐੱਸ (ਟੈਬੂਕੋਨਾਜ਼ੋਲ) 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।
ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾਉਣਾ- ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂ ਖਾਦ ਨੂੰ ਇਕ ਲਿਟਰ ਪਾਣੀ 'ਚ ਘੋਲ ਕੇ ਕਣਕ ਦੇ 40 ਕਿਲੋ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਦਿਓ। ਸੋਧੇ ਬੀਜ ਨੂੰ ਪੱਕੇ ਫਰਸ਼ 'ਤੇ ਖਿਲਾਰ ਕੇ ਛਾਵੇਂ ਸੁਕਾ ਲਓ ਅਤੇ ਛੇਤੀ ਬੀਜ ਲਓ। ਬੀਜ ਨੂੰ ਇਹ ਟੀਕਾ ਲਗਾਉਣ ਨਾਲ ਪ੍ਰਤੀ ਏਕੜ ਝਾੜ ਵਧਦਾ ਹੈ। ਕਨਸ਼ੋਰਸ਼ੀਅਮ ਦਾ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਆਲੋਜੀ ਵਿਭਾਗ/ਕ੍ਰਿਸ਼ੀ ਵਿਗਿਆਨ ਕੇਂਦਰ/ਕਿਸਾਨ ਸਲਾਹਕਾਰ ਅਤੇ ਸੇਵਾ ਕੇਂਦਰ ਤੋਂ ਮਿਲ ਸਕਦਾ ਹੈ।
ਸਿਆਲੂ ਮੱਕੀ - ਸਰਦੀ 'ਚ ਬੀਜੀ ਜਾਣ ਵਾਲੀ ਮੱਕੀ 'ਚ ਬੀਜ ਦਾ ਗਲਣਾ ਅਤੇ ਪੁੰਗਾਰ ਦਾ ਝੁਲਸ ਰੋਗ ਅਜਿਹੇ ਰੋਗ ਹਨ ਜਿਨ੍ਹਾਂ ਦੀ ਰੋਕਥਾਮ ਬੀਜ ਦੇ ਸੋਧ ਕਰਕੇ ਕੀਤੀ ਜਾ ਸਕਦੀ ਹੈ। ਇਸ ਮਕਸਦ ਲਈ ਮੱਕੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਾਵਿਸਟਿਨ ਜਾਂ ਡੈਰੋਸਿਲ ਜਾਂ ਐਗਰੋਜ਼ਿਮ 50 ਡਬਲਯੂ. ਪੀ (ਕਾਰਬੈਂਡਾਜ਼ਿਮ) ਤਿੰਨ ਗਾ੍ਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ।
ਛੋਲੇ - ਹਾੜੀ ਦੀਆ ਦਾਲਾਂ ਵਾਲੀਆਂ ਫਸਲਾਂ ਵਿਚੋਂ ਛੋਲਿਆਂ ਦੀ ਮੁੱਖ ਫਸਲ ਹੈ ਜਿਸ ਨੂੰ ਕੁਝ ਅਜਿਹੇ ਕੀੜੇ ਅਤੇ ਬਿਮਾਰੀਆਂ ਜਿਵੇਂ ਭੂਰਾ ਸਾੜਾ, ਝੁਲਸ ਰੋਗ ਅਤੇ ਸਿਉਂਕ ਨੁਕਸਾਨ ਪਹੁੰਚਾਦੀਆਂ ਹਨ ਜਿੰਨਾ ਦੀ ਰੋਕਥਾਂਮ ਕਰਨ ਲਈ ਬੀਜ ਦੀ ਬਿਜਾਈ ਤੋਂ ਪਹਿਲਾਂ ਸੋਧ ਕਰਨਾਂ ਬਹੁਤ ਜ਼ਰੂਰੀ ਹੈ। 
ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ - 15-18 ਕਿਲੋ ਬੀਜ ਨੂੰ ਪਾਣੀ ਨਾਲ ਗਿੱਲਾ ਕਰਕੇ ਫਰਸ਼ ਤੇ ਪਤਲਾ ਪਤਲਾ ਵਿਛਾ ਲਉ। ਮੀਜ਼ੋਰਾਈਜੋਬੀਅਮ (ਐਲ.ਜੀ.ਆਰ-33) ਅਤੇ ਰਾਈਜ਼ੋਬੈਕਟੀਰੀਆ (ਆਰ.ਬੀ-1) ਜੀਵਾਣੂੰ ਖਾਦ ਦੇ ਇਕ ਇਕ ਪੈਕਟ ਨੂੰ ਮਿਲਾ ਕੇ ਇਕ ਏਕੜ ਲਈ ਲੋੜੀਂਦੇ ਬੀਜ ਨਾਲ ਚੰਗੀ ਤਰ੍ਹਾਂ ਰਲਾ ਲਓ। ਬੀਜ ਨੂੰ ਛਾਂ ਹੇਠ ਸੁਕਾ ਕੇ ਇਕ ਘੰਟੇ ਦੇ ਅੰਦਰ-ਅੰਦਰ ਬੀਜ ਲਓ। ਕੀਟਨਾਸ਼ਕ, ਉੱਲੀਨਾਸ਼ਕ ਅਤੇ ਜੀਵਾਣੂ ਖਾਦ ਨੂੰ ਇੱਕਠਿਆਂ ਵੀ ਵਰਤਿਆ ਜਾ ਸਕਦਾ ਹੈ।