ਆਰ. ਸੀ. ਐੱਫ. ਮੁਲਾਜ਼ਮ ਦੀ ਪਤਨੀ ਸਮੇਤ ਡੇਂਗੂ ਨਾਲ ਮੌਤ

10/25/2017 4:18:16 AM

ਕਪੂਰਥਲਾ, (ਮੱਲ੍ਹੀ)- ਆਰ. ਸੀ. ਐੱਫ. 'ਚ ਇਲੈਕਟ੍ਰੀਕਲ ਉਤਪਾਦਨ ਵਿਭਾਗ 'ਚ ਸੇਵਾ ਨਿਭਾ ਰਹੇ ਕਰਮਚਾਰੀ ਚਮਨ ਲਾਲ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੀ ਡੇਂਗੂ ਬੀਮਾਰੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ, ਜਿਨ੍ਹਾਂ ਦਾ ਅੱਜ ਆਰ. ਸੀ. ਐੱਫ. ਦੇ ਸ਼ਮਸ਼ਾਨਘਾਟ 'ਚ ਬਾਅਦ ਦੁਪਹਿਰ ਇਕੱਠਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੇ ਸਹਾਇਕ ਸੈਕਟਰੀ ਤੇ ਪਰਿਵਾਰ ਦੇ ਨੇੜਲੇ ਚਿੰਤਕ ਪ੍ਰਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਬੀਮਾਰੀ ਦੇ ਨਾਲ ਮੌਤ ਹੋਣ 'ਤੇ ਕਰਮਚਾਰੀ ਚਮਨ ਲਾਲ ਤੇ ਉਸਦੀ ਪਤਨੀ ਬਲਵਿੰਦਰ ਕੌਰ ਦੇ ਛੋਟੇ-ਛੋਟੇ ਬੱਚੇ ਅਨਾਥ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਆਰ. ਸੀ. ਐੱਫ. 'ਚ ਹੋਈਆਂ ਦੋ ਮੌਤਾਂ ਤੋਂ ਪਹਿਲਾਂ ਕਪੂਰਥਲਾ ਸ਼ਹਿਰ 'ਚ ਵੀ ਡੇਂਗੂ, ਨਾਮਕ ਬੀਮਾਰੀ ਦੇ ਕਹਿਰ ਨੇ ਦੋ-ਤਿੰਨ ਘਰਾਂ ਦੇ ਦੀਪਕ ਬੁਝਾਏ ਹਨ ਤੇ ਦਰਜਨਾਂ ਲੋਕਾਂ ਨੂੰ ਡੇਂਗੂ ਬੀਮਾਰੀ ਹੋਣ ਨਾਲ ਇਲਾਜ ਲਈ ਲੱਖਾਂ ਰੁਪਏ ਖਰਚਣੇ ਪਏ ਹਨ। 
ਯੂਨੀਅਨ ਆਗੂ ਪਰਮਜੀਤ ਸਿੰਘ ਖਾਲਸਾ, ਸਰਵਜੀਤ ਸਿੰਘ, ਇੰਜੀ. ਦਰਸ਼ਨ ਲਾਲ, ਅਮਰੀਕ ਸਿੰਘ ਗਿੱਲ, ਹਰਵਿੰਦਰਪਾਲ ਸਿੰੰਘ ਤੇ ਮਨਜੀਤ ਸਿੰਘ ਬਾਜਵਾ ਆਦਿ ਨੇ ਕਿਹਾ ਕਿ ਕਪੂਰਥਲਾ ਜੋ ਬਹੁਤ ਹੀ ਛੋਟਾ ਸ਼ਹਿਰ ਹੈ ਜਿਥੇ ਜ਼ਿਆਦਾ ਉਦਯੋਗ ਵੀ ਨਹੀਂ ਹਨ ਤੇ ਜਿਸ ਨੂੰ ਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਤੌਰ 'ਤੇ ਚੁਣਿਆ ਗਿਆ ਸੀ ਤੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਉਣ ਉਪਰੰਤ ਵੀ ਡੇਂਗੂ ਵਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਮਰੀਜ਼ ਮੌਤ ਦੇ ਮੂੰਹ 'ਚ ਜਾ ਰਹੇ ਹਨ ਤੇ ਹੁਣ ਡੇਂਗੂ ਨੇ ਕਪੂਰਥਲਾ ਸ਼ਹਿਰ ਤੋਂ ਬਾਹਰਲੇ ਪਿੰਡਾਂ, ਕਸਬਿਆਂ 'ਚ ਪੈਰ ਪਸਾਰ ਲਏ ਹਨ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਜ਼ਿਲਾ ਸਿਹਤ ਵਿਭਾਗ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਯੂਨੀਅਨ ਆਗੂਆਂ ਡੇਂਗੂ ਨਾਲ ਮਰੇ ਪਤੀ-ਪਤਨੀ ਦੇ ਪ੍ਰਭਾਵਿਤ ਪਰਿਵਾਰਾਂ ਦੇ ਅਨਾਥ ਹੋਏ ਬੱਚਿਆਂ ਦੀ ਪਰਵਰਿਸ਼ ਵਾਸਤੇ ਪੰਜਾਬ ਤੇ ਕੇਂਦਰ ਸਰਕਾਰ ਪਾਸੋਂ ਲੋੜੀਂਦੇ ਆਰਥਿਕ ਮੁਆਵਜ਼ੇ ਦੀ ਮੰਗ ਕੀਤੀ ਹੈ।