ਆਰ. ਸੀ. ਐੱਫ. ''ਚ ਪਟਾਕਿਆਂ ''ਤੇ ਪਾਬੰਦੀ ਲਾਉਣ ਲਈ ਜੀ. ਐੱਮ. ਨੂੰ ਸੌਂਪਿਆ ਮੰਗ-ਪੱਤਰ

10/15/2017 2:46:55 AM

ਕਪੂਰਥਲਾ,  (ਮੱਲ੍ਹੀ)- ਦਿੱਲੀ 'ਚ ਪਟਾਕਿਆਂ ਦੀ ਖਰੀਦਦਾਰੀ, ਵੇਚਣ ਤੇ ਚਲਾਉਣ 'ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਲਾਈ ਪਾਬੰਦੀ ਤੋਂ ਪ੍ਰੇਰਿਤ ਹੋ ਕੇ ਸਮਾਜ ਸੇਵੀ ਸੰਗਠਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਆਰ. ਸੀ. ਐੱਫ. ਦੀ ਅਗਵਾਈ ਹੇਠ ਵੱਖ-ਵੱਖ ਮੁਲਾਜ਼ਮ ਸੰਗਠਨਾਂ ਦੇ ਅਹੁਦੇਦਾਰਾਂ ਨੇ ਆਰ. ਸੀ. ਐੱਫ. 'ਚ ਵੀ ਪਟਾਕਿਆਂ ਨੂੰ ਵੇਚਣ, ਖਰੀਦਣ ਤੇ ਚਲਾਉਣ 'ਤੇ ਮੁਕੰਮਲ ਪਾਬੰਦੀ ਲਈ ਆਰ. ਸੀ. ਐੱਫ. ਦੇ ਜੀ. ਐੱਮ. ਰਤਨ ਲਾਲ ਨੂੰ ਲਿਖਤੀ ਮੰਗ ਪੱਤਰ ਸੌਂਪਿਆ।
ਵਫਦ ਦੀ ਅਗਵਾਈ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮਪਾਲ ਪੈਂਥਰ, ਐੱਸ. ਸੀ. / ਐੱਸ. ਟੀ. ਰੇਲਵੇ ਮੁਲਾਜ਼ਮ ਐਸੋਸੀਏਸ਼ਨ ਆਗੂ ਜੀਤ ਸਿੰਘ, ਰਣਜੀਤ ਸਿੰਘ ਨਾਹਰ, ਓ. ਬੀ. ਸੀ. ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਓਮਾ ਸ਼ੰਕਰ, ਆਰ. ਕੇ. ਪਾਲ, ਨਿਰਵੈਰ ਸਿੰਘ, ਨਿਰਮਲ ਸਿੰਘ, ਪੂਰਨ ਚੰਦ, ਸੰਤੋਖ ਰਾਮ ਜਨਾਗਲ ਤੇ ਕਰਨੈਲ ਸਿੰਘ ਆਦਿ ਨੇ ਕਿਹਾ ਕਿ ਪਟਾਕੇ ਖਰੀਦਣ ਨਾਲ ਜਿਥੇ ਸਾਨੂੰ ਆਰਥਿਕ ਨੁਕਸਾਨ ਹੁੰਦਾ ਹੈ, ਉਥੇ ਪਟਾਕੇ ਚਲਾਉਣ ਨਾਲ ਵਾਤਾਵਰਣ ਅਸ਼ੁੱਧ ਹੁੰਦਾ ਹੈ ਤੇ ਪਟਾਕਿਆਂ 'ਚੋਂ ਨਿਕਲਿਆ ਧੂੰਆਂ ਸਾਨੂੰ ਦਮਾ, ਬਹਿਰਾਪਣ, ਅੰਨ੍ਹਾਪਣ ਤੇ ਐਲਰਜ਼ੀ ਆਦਿ ਬੀਮਾਰੀਆਂ ਦੀ ਸੌਗਾਤ ਦਿੰਦਾ ਹੈ, ਸੋ ਸਾਨੂੰ ਪਟਾਕੇ ਆਦਿ ਵੇਚਣ, ਖਰੀਦਣ ਤੇ ਚਲਾਉਣ 'ਤੇ ਫੈਕਟਰੀ ਅੰਦਰ ਮੁਕੰਮਲ ਪਾਬੰਦੀ ਲਾਉਣ ਲਈ ਆਰ. ਸੀ. ਐੱਫ. ਪ੍ਰਸ਼ਾਸਨ ਸਖ਼ਤ ਕਦਮ ਚੁੱਕੇ। ਜੀ. ਐੱਮ. ਰਤਨ ਲਾਲ ਨੇ ਵਫ਼ਦ ਨੂੰ ਲੋੜੀਂਦੇ ਸਖ਼ਤ ਕਦਮ ਚੁੱਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਭਰੋਸਾ ਦਿਵਾਇਆ।