ਪਨਸਪ ਦੇ MD ਅਤੇ ਨੋਡਲ ਅਫਸਰ ਰਾਮਬੀਰ ਸਿੰਘ ਨੇ ਅਨਾਜ ਮੰਡੀ ''ਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੀਤਾ ਦੌਰਾ

04/24/2020 6:00:10 PM

ਜਲਾਲਾਬਾਦ(ਸੇਤੀਆ,ਟੀਨੂੰ, ਸੁਮਿਤ) - ਸਥਾਨਕ ਅਨਾਜ ਮੰਡੀ 'ਚ ਪਨਪਸ ਖਰੀਦ ਏਜੰਸੀ ਦੇ ਐਮ.ਡੀ. ਅਤੇ ਨੋਡਲ ਅਫਸਰ ਰਾਮਬੀਰ ਸਿੰਘ ਨੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹਾ ਫੂਡ ਕੰਟ੍ਰੋਲਰ ਰਾਜ ਰਿਸ਼ੀ ਮਹਿਰਾ, ਡੀ.ਐਫ.ਐਸ.ਓ. ਮੈਡਮ ਵੰਦਨਾ ਕੰਬੋਜ, ਐਸ.ਡੀ.ਐਮ. ਕੇਸ਼ਵ ਗੋਇਲ, ਡੀ.ਐਮ. ਐਫ.ਸੀ.ਆਈ. ਅਮਿਤ ਕੁਮਾਰ, ਪਨਸਪ ਡੀ.ਐਮ. ਵਿਨੀਤ ਅਰੋੜਾ, ਐਸ.ਡੀ.ਐਮ. ਕੇਸ਼ਵ ਗੋਇਲ, ਤਹਿਸੀਲਦਾਰ ਡੀ.ਪੀ. ਪਾਂਡੇ, ਏ.ਐਫ.ਐਸ.ਓ. ਚਰਨਜੀਤ ਸਿੰਘ, ਸੈਕਟਰੀ ਬਲਜਿੰਦਰ ਸਿੰਘ ਮੌਜੂਦ ਸਨ। ਇਸ ਮੌਕੇ ਜਿੱਥੇ ਉਨ੍ਹਾਂ ਮਾਰਕੀਟ ਕਮੇਟੀ  ਅਧਿਕਾਰੀ ਤੇ ਹੋਰ ਖਰੀਦ ਏਜੰਸੀਆਂ ਪਾਸੋਂ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਉਥੇ ਹੀ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਆੜ੍ਹਤੀਆਂ ਨੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟੀ ਜਾਹਿਰ ਕੀਤੀ ਉਥੇ ਹੀ ਆੜ੍ਹਤੀਆਂ ਤੇ ਕਿਸਾਨਾਂ ਨੇ ਲਿਫਟਿੰਗ  ਘੱਟ ਹੋਣ ਸਬੰਧੀ ਸ਼ਿਕਾਇਤ ਕੀਤੀ।

ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਤੇ ਇਸ ਦੇ ਅਧੀਨ ਆਉਂਦੇ ਫੋਕਲ ਪੁਵਾਇੰਟਾਂ ਤੇ 23 ਅਪ੍ਰੈਲ ਤੱਕ 47935 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ 'ਚ 47025 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਪਰ ਮੰਡੀਆਂ 'ਚ ਲਿਫਟਿੰਗ ਮਹਿਜ਼ 21810 ਮੀਟ੍ਰਿਕ  ਹੀ ਹੋਈ ਹੈ ਅਤੇ ਲਿਫਟਿੰਗ  ਘੱਟ ਹੋਣ ਕਾਰਣ ਮੰਡੀਆਂ 'ਚ ਕਣਕ ਸੁੱਟਣ ਨੂੰ ਜਗ੍ਹਾਂ ਨਹੀਂ ਹੈ ਅਤੇ ਕਿਸਾਨਾਂ ਨੇ ਵੀ ਲਿਫਟਿੰਗ ਤੇ ਡਾਲੇ ਨੂੰ ਲੈ ਕੇ ਨੋਡਲ ਅਫਸਰ ਅੱਗੇ ਸਵਾਲ ਵੀ ਚੁੱਕੇ। ਕਿਸਾਨਾਂ ਦਾ ਕਹਿਣਾ ਹੈ ਕਿ ਡਾਲੇ ਦੀ ਵਸੂਲੀ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। 

ਉਧਰ ਜੱਗਬਾਣੀ ਨਾਲ ਗੱਲਬਾਤ ਕਰਦਿਆਂ ਨੋਡਲ ਅਫਸਰ ਰਾਮਬੀਰ ਸਿੰਘ ਨੇ ਦੱਸਿਆ ਕਿ ਸਿਲਸਿਲੇ ਵਾਰ ਮੰਡੀਆਂ 'ਚ ਖਰੀਦ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਗਾ 'ਚ ਕਣਕ ਦੀ ਕੁਵਾਲਿਟੀ ਨੂੰ ਲੈ ਕੇ ਸਮੱਸਿਆ ਹੈ ਜਿਸ ਨੂੰ ਲੈ ਕੇ ਕੇਂਦਰ ਦੀ ਟੀਮ ਪੰਜਾਬ 'ਚ ਆਈ ਹੋਈ ਹੈ ਅਤੇ ਜਿੰਨ੍ਹਾਂ ਵਲੋਂ ਮੋਗਾ ਮੰਡੀ ਦਾ ਦੌਰਾ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਦੀ ਅਨਾਜ ਮੰਡੀ 'ਚ ਸੋਸ਼ਲ ਡਿਸਟੈਂਸੀ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਰਦਾਨੇ ਨੂੰ ਲੈ ਕੇ ਥੋੜ੍ਹੀ ਬਹੁਤ ਸਮੱਸਿਆ ਹੈ ਉਸ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਆੜ੍ਹਤੀਆਂ ਨੂੰ ਅਦਾਇਗੀ ਵੀ 48 ਘੰਟਿਆਂ ਵਿਚ ਹੋ ਰਹੀ ਹੈ। ਉਧਰ ਆੜ੍ਹਤੀਆਂ ਵਲੋਂ ਲਿਫਟਿੰਗ ਦੀ ਚਲ ਰਹੀ ਢਿੱਲੀ ਪ੍ਰਕ੍ਰਿਆ ਬਾਰੇ ਦੱਸਿਆ ਅਤੇ ਨਾਲ ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੰਡੀ 'ਚ ਲਿਫਟਿੰਗ ਨੂੰ ਲੈ ਕੇ ਡਾਲੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਦੋਂ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਦਾ ਹੈ ਤਾਂ ਕਿਸਾਨਾਂ ਕੋਲੋਂ ਡਾਲੇ ਦਾ ਖਰਚਾ ਕਿਸਾਨਾਂ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ। ਇਸ ਬਾਰੇ ਉਨ੍ਹਾਂ ਨੇ ਸੈਕਟਰੀ ਮਾਰਕੀਟ ਕਮੇਟੀ ਅਤੇ ਐਸ.ਡੀ.ਐਮ. ਨੂੰ ਸਖਤ ਹਿਦਾਇਤ ਕੀਤੀ ਕਿ ਡਾਲਾ ਵਸੂਲੀ ਨੂੰ ਲੈ ਕੇ ਉੱਠੇ ਸਵਾਲਾਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਵੀ ਆੜ੍ਹਤੀਆ ਜਾਂ ਟਰੱਕ ਡਰਾਇਵਰ ਜਾਂ ਠੇਕੇਦਾਰ ਡਾਲੇ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ।

Harinder Kaur

This news is Content Editor Harinder Kaur