ਗ੍ਰਿਫਤਾਰੀ ਤੋਂ ਪਹਿਲਾਂ ਹਨੀਪ੍ਰੀਤ ਨੂੰ ਮਿਲਿਆ ਸੀ ਪੰਜਾਬ ਪੁਲਸ ਦਾ ਸਹਿਯੋਗ-ਗੁਰਮੀਤ

10/28/2017 1:05:35 PM

ਪੰਚਕੂਲਾ — ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਜੇਲ ਜਾਣ ਤੋਂ ਬਾਅਦ ਦੋਵਾਂ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ  ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਹਰਿਆਣਾ ਪੁਲਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਹਨੀਪ੍ਰੀਤ ਨੂੰ ਫਰਾਰੀ ਸਮੇਂ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਖਵਾਉਣ ਲਈ ਪੰਜਾਬ ਪੁਲਸ ਨੇ ਸਹਿਯੋਗ ਕੀਤਾ ਸੀ। ਇਸ ਗੱਲ ਦਾ ਖੁਲਾਸਾ ਪੰਜਾਬ 'ਚ ਮੁਕਤਸਰ ਜ਼ਿਲੇ ਦੇ ਖੰਡੇਵਾਲਾ ਨਿਵਾਸੀ ਗੁਰਮੀਤ ਸਿੰਘ ਨੇ ਕੀਤਾ ਹੈ। ਪੁਲਸ ਨੇ ਗੁਰਮੀਤ ਸਿੰਘ ਨੂੰ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਗੁਰਮੀਤ ਨੂੰ ਵੀਰਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਜ਼ਮਾਨਤ ਮਿਲ ਗਈ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਨੇ ਵੀ ਪੁਲਸ ਦੇ ਸਾਹਮਣੇ ਇਹ ਗੱਲ ਮੰਨੀ ਸੀ ਕਿ ਉਹ ਆਖਰੀ ਦੋ ਦਿਨ ਮੁਕਤਸਰ ਖੰਡੇਵਾਲਾ ਸਥਿਤ ਗੁਰਮੀਤ ਸਿੰਘ ਦੇ ਘਰ ਰੁਕੀ ਸੀ।
ਪੁਲਸ ਸੂਤਰਾਂ ਅਨੁਸਾਰ ਗੁਰਮੀਤ ਸਿੰਘ ਨੇ ਪੁੱਛਗਿੱਛ ਦੌਰਾਨ ਹਨੀਪ੍ਰੀਤ ਦੇ ਕਈ ਠਿਰਾਣਿਆਂ ਬਾਰੇ ਜਾਣਕਾਰੀ ਦਿੱਤੀ ਹੈ। ਗੁਰਮੀਤ ਨੇ ਦੱਸਿਆ ਕਿ ਹਨੀਪ੍ਰੀਤ ਰੋਹਤਕ ਦੀ ਸੁਨਾਰਿਆ ਜੇਲ ਤੋਂ ਬਾਅਦ ਸਿਰਸਾ ਡੇਰੇ ਚਲੀ ਗਈ ਸੀ। ਉਥੇ ਉਹ 2 ਦਿਨ ਰੁਕੀ ਅਤੇ ਇਸ ਤੋਂ ਬਾਅਦ ਉਹ ਰਾਜਸਥਾਨ ਦੇ ਸ਼੍ਰੀਗੰਗਾਨਗਰ ਸਥਿਤ ਗੁਰੂਸਰ ਮੋੜਿਆ ਦੇ ਡੇਰੇ 'ਚ ਚਲੀ ਗਈ ਸੀ। ਪੰਚਕੂਲਾ ਪੁਲਸ ਵਲੋਂ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਉੁਹ ਡੇਰਾ ਸੱਚਾ ਸੌਦਾ 'ਚੋਂ ਗਈ ਸੀ। ਗੁਰਮੀਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਪੁਲਸ ਵੀ ਰਾਮ ਰਹੀਮ ਦੇ ਜੱਦੀ ਨਿਵਾਸ ਸਥਾਨ 'ਚ ਜਾਣ ਤੋਂ ਡਰਦੀ ਸੀ। ਜਿਸ ਦਿਨ ਪੰਚਕੂਲਾ ਪੁਲਸ ਨੇ ਗੁਰੂਸਰ ਮੋੜਿਆ ਛਾਪਾ ਮਾਰਨਾ ਸੀ, ਉਸ ਸਮੇਂ ਰਾਜਸਥਾਨ ਪੁਲਸ, ਹਰਿਆਣਾ ਪੁਲਸ ਨੂੰ ਸਹਿਯੋਗ ਕਰਨ ਲਈ ਤਿਆਰ ਨਹੀਂ ਹੋ ਰਹੀ ਸੀ। ਹਰਿਆਣਾ ਪੁਲਸ ਨੇ ਕਿਹਾ ਕਿ ਉਹ ਖੁਦ ਹੀ ਜਾ ਕੇ ਰੇਡ ਕਰੇਗੀ ਤਾਂ ਰਾਜਸਥਾਨ ਪੁਲਸ ਸਹਿਯੋਗ ਕਰਨ ਲਈ ਤਿਆਰ ਹੋਈ। 
11 ਦਿਨਾਂ ਤੱਕ ਗੁਰੂਸਰ ਮੋੜਿਆ 'ਚ ਰੁਕੀ ਸੀ ਹਨੀਪ੍ਰੀਤ
ਹਨੀਪ੍ਰੀਤ ਦੀ ਸੇਵਾ ਸ਼ਰਣਦੀਪ ਕੌਰ ਦਾ ਬੇਟਾ ਗੁਰਮੀਤ ਸਿੰਘ ਕਰ ਰਿਹਾ ਸੀ। ਇਥੇ ਹਨੀਪ੍ਰੀਤ 12 ਦਿਨ ਰੁਕੀ। ਇਸ ਤੋਂ ਬਾਅਦ ਹਨੀਪ੍ਰੀਤ ਆਪਣੀ ਪੇਸ਼ਗੀ ਜ਼ਮਾਨਤ ਦੇ ਲਈ ਦਿੱਲੀ ਇਕ ਵਕੀਲ ਨਾਲ ਸੰਪਰਕ ਕਰਨ ਲਈ ਚਲੀ ਗਈ। ਹਨੀਪ੍ਰੀਤ ਦਿੱਲੀ ਇਕ ਦਿਨ ਲਈ ਰੁਕੀ ਸੀ। ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਮੁਕਤਸਰ ਦੇ ਖਾਂਡੇਵਾਲਾ ਨਿਵਾਸੀ ਗੁਰਮੀਤ ਸਿੰਘ ਦੇ ਘਰ ਚਲੀ ਗਈ। ਉਹ 12 ਦਿਨ ਤੱਕ ਖਾਂਡੇਵਾਲਾ ਦੇ ਘਰ ਰੁਕੀ। ਇਸ ਤੋਂ ਬਾਅਦ ਇਥੋਂ ਸਿੱਧਾ ਚੰਡੀਗੜ੍ਹ ਆਈ, ਜਿਥੋਂ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਹਨੀਪ੍ਰੀਤ ਦਾ ਇੰਟਰਵਿਊ ਇਕ ਨਿੱਜੀ ਚੈਨਲ ਨਾਲ ਤੈਅ ਕੀਤਾ। ਇੰਟਰਵਿਊ ਹੋਣ ਤੋਂ ਬਾਅਦ ਹਨੀਪ੍ਰੀਤ ਨਿਕਲ ਗਈ ਸੀ, ਪਰ ਇੰਟਰਵਿਊ ਟੈਲੀਕਾਸਟ ਹੋਣ ਤੋਂ ਬਾਅਦ ਪੰਚਕੂਲਾ ਪੁਲਸ ਨੇ ਉਸਨੂੰ ਜ਼ਿਰਕਪੁਰ 'ਚ ਪਟਿਆਲਾ ਰੋਡ ਤੋਂ ਗ੍ਰਿਫਤਾਰ ਕਰ ਲਿਆ ਸੀ।
ਡੇਰੇ ਦੇ ਨਿੱਜੀ ਸੁਰੱਖਿਆ ਦਸਤੇ ਦਾ ਮੈਂਬਰ ਹੈ ਗੁਰਮੀਤ
ਫਰਾਰੀ ਦੌਰਾਨ ਹਨੀਪ੍ਰੀਤ ਨੂੰ ਪਨਾਹ ਦੇਣ ਵਾਲਾ ਗੁਰਮੀਤ ਡੇਰੇ ਦੇ ਨਿੱਜੀ ਸੁਰੱਖਿਆ ਦਸਤੇ ਦਾ ਮੈਂਬਰ ਹੈ, ਜਿਸ ਨੂੰ ਡੇਰੇ ਦੀ ਭਾਸ਼ਾ 'ਚ ਸੇਵਾ ਸਮਿਤੀ ਕਿਹਾ ਜਾਂਦਾ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਸੇਵਾ ਸਮਿਤੀ ਦੇ ਮੈਂਬਰ ਦੇ ਰੂਪ 'ਚ ਕੰਮ ਕਰ ਰਿਹਾ ਸੀ। ਇਸ ਸਮਿਤੀ 'ਚ 21 ਮੈਂਬਰਾਂ ਦੀ ਟੀਮ ਹੁੰਦੀ ਹੈ ਜਿਨ੍ਹਾਂ 'ਚੋਂ 7 ਮੈਂਬਰ ਇਕੋ ਸਮੇਂ ਡੇਰੇ ਮੁਖੀ ਦੇ ਨਾਲ ਮੌਜੂਦ ਰਹਿੰਦੇ ਹਨ। ਇਸ ਸਮਿਤੀ ਦੇ ਮੈਂਬਰ ਤਿੰਨ ਟੀਮਾਂ 'ਚ ਕੰਮ ਕਰਦੇ ਹਨ। ਗੁਰਮੀਤ ਸਿੰਘ ਦੇ ਚਾਚੇ-ਤਾਏ ਦੀਆਂ ਆਲੀਸ਼ਾਨ ਤਿੰਨ ਕੋਠੀਆਂ ਪਿੰਡ ਦੇ ਬਾਹਰ ਬਣੀਆਂ ਹਨ, ਪਰ ਹੁਣ ਇੰਨ੍ਹਾ ਕੋਠੀਆਂ 'ਚ ਚੁੱਪ ਪਸਰੀ ਹੈ। ਗੁਰਮੀਤ ਸਿੰਘ ਦੇ ਪਿਤਾ ਰੂਪ ਸਿੰਘ, ਤਾਇਆ ਲੱਛਮਣ ਦਾ ਪਰਿਵਾਰ ਬੀਤੇ 40 ਸਾਲਾ ਤੋਂ ਡੇਰਾ ਸਿਰਸਾ ਨਾਲ ਜੁੜੇ ਹਨ।