ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਦੀ ਮੌਤ

07/08/2020 10:29:45 AM

ਗੜ੍ਹਦੀਵਾਲਾ/ਨੰਗਲ (ਜਤਿੰਦਰ)— ਗੜ੍ਹਦੀਵਾਲਾ ਦੇ ਨੇੜਲੇ ਪਿੰਡ ਨੰਗਲ ਦੇ ਜੰਮਪਲ ਨੌਜਵਾਨ ਲਖਵਿੰਦਰ ਸਿੰਘ (35), ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਹੋਇਆ ਸੀ, ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਪਤਾ ਚੱਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਪਰਿਵਾਰ ਵੱਲੋਂ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਇਸ ਬਾਰੇ ਜਾਣੂ ਕਰਵਾਇਆ।

ਜਿਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਯਤਨ ਕੀਤਾ, ਜਿਸ ਦੇ ਬਾਅਦ ਭਾਰਤ ਸਰਕਾਰ ਵੱਲੋਂ ਸਾਊਦੀ ਅਰਬ ਸਰਕਾਰ ਨੂੰ ਨਿਰਦੇਸ਼ ਦੇ ਕੇ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ। ਮੰਗਲਵਾਰ ਨੂੰ ਪਿੰਡ ਨੰਗਲ ਵਿਖੇ ਮ੍ਰਿਤਕ ਲਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸੰਜੀਵ ਮਿਨਹਾਸ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਆਪਣੇ ਪਿੱਛੇ ਇਕ ਬੇਟਾ, ਇਕ ਬੇਟੀ, ਪਤਨੀ ਅਤੇ ਮਾਤਾ-ਪਿਤਾ ਨੂੰ ਰੋਂਦੇ-ਕੁਰਲਾਉਂਦੇ ਹੋਏ ਛੱਡ ਗਿਆ ਹੈ।

ਭਾਜਪਾ ਜ਼ਿਲਾ ਪ੍ਰਧਾਨ ਸੰਜੀਵ ਮਿਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੇਖਦੇ ਉਸ ਦੀ ਮਦਦ ਕੀਤੀ ਜਾਵੇ। ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਇਸ ਪਰਿਵਾਰ ਦਾ ਗੁਜ਼ਾਰਾ ਠੀਕ ਢੰਗ ਨਾਲ ਚੱਲ ਸਕੇ।

shivani attri

This news is Content Editor shivani attri