ਪੰਜਾਬੀ ਵਿਰਸਾ-2017 ਦਾ ਅਗਲਾ ਟੂਰ ਆਸਟ੍ਰੇਲੀਆ-ਨਿਊਜ਼ੀਲੈਂਡ ਦਾ ਹੋਵੇਗਾ

06/08/2017 6:25:24 AM

ਜਲੰਧਰ - ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਅਗਲੀ ਵਾਰ ਦਾ ਪੰਜਾਬੀ ਵਿਰਸਾ-2017 ਟੂਰ ਆਸਟ੍ਰੇਲੀਆ ਤੇ ਨਿਊੁਜ਼ੀਲੈਂਡ 'ਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਇਲ ਪ੍ਰੋਡਕਸ਼ਨ ਦੇ ਐੱਮ. ਡੀ. ਸ਼੍ਰੀ ਸਰਵਣ ਸੰਧੂ ਨੇ ਸ਼ੋਆਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਰਸਾ ਸ਼ੋਆਂ ਦੀਆਂ ਤਿਆਰੀਆਂ ਦਿਨ-ਬ-ਦਿਨ ਸਿਖਰਾਂ ਵੱਲ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਪੰਜਾਬੀ ਵਿਰਸਾ ਸ਼ੋਅ ਆਸਟ੍ਰੇਲੀਆ ਦੀ ਰਾਇਲ ਪ੍ਰੋਡਕਸ਼ਨ ਤੇ ਪਲਾਜ਼ਮਾ ਰਿਕਾਰਡਜ਼ ਕੰਪਨੀ ਵਲੋਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਰਸ਼ਕ ਇਨ੍ਹਾਂ ਸ਼ੋਆਂ ਦੀ ਉਡੀਕ ਕਰ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਇਹ ਸ਼ੋਅ ਇਸ ਵਾਰ ਨਵੇਂ ਕੀਰਤੀਮਾਨ ਸਥਾਪਤ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ 3 ਸਤੰਬਰ ਨੂੰ ਮੈਲਬੋਰਨ 'ਚ ਹੋਣ ਵਾਲੇ ਪੰਜਾਬੀ  ਵਿਰਸਾ ਸ਼ੋਅ ਨੂੰ ਰਿਕਾਰਡ ਕੀਤਾ ਜਾਵੇਗਾ, ਜੋ ਬਾਅਦ ਵਿਚ ਸੀ. ਡੀ. ਤੇ ਡੀ. ਵੀ. ਡੀ. ਦੇ ਜ਼ਰੀਏ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ, ਜਿਸ ਸਬੰਧੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਨਵੇਂ ਗੀਤਾਂ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਵੀ ਇਹ ਸ਼ੋਅਜ਼ ਬਹੁਤ ਸਫਲ ਰਹੇ ਸਨ।
ਉਨ੍ਹਾਂ ਹੋਰ ਅੱਗੇ ਕਿਹਾ ਕਿ ਇਸ ਵਾਰੀ ਇਨ੍ਹਾਂ ਸ਼ੋਆਂ ਦੀ ਸ਼ੁਰੂਆਤ 18 ਅਗਸਤ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਟੋਰੰਗਾ ਤੋਂ ਕੀਤੀ ਜਾਵੇਗੀ, ਇਸ ਤੋਂ ਬਾਅਦ 19 ਅਗਸਤ ਨੂੰ ਆਕਲੈਂਡ, 20 ਅਗਸਤ ਨੂੰ ਕ੍ਰਿਸਚਰਚ ਤੇ ਫਿਰ ਆਸਟ੍ਰੇਲੀਆ ਵਿਚ 25 ਅਗਸਤ ਨੂੰ ਕੈਨਬਰਾ, 26 ਅਗਸਰ ਨੂੰ ਸਿਡਨੀ, 27 ਅਗਸਤ ਨੂੰ ਬ੍ਰਿਸਬੇਨ, 2 ਸਤੰਬਰ ਨੂੰ ਸ਼ੇਪਟਨ, 3 ਸਤੰਬਰ ਨੂੰ ਮੈਲਬੋਰਨ, 5 ਸਤੰਬਰ ਨੂੰ ਹੋਬਰਟ, 10 ਸਤੰਬਰ ਨੂੰ ਐਡੀਲੇਡ ਤੇ ਪੰਜਾਬੀ ਵਿਰਸਾ ਲੜੀ ਦਾ ਆਖਰੀ ਸ਼ੋਅ 17 ਸਤੰਬਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਕੀਤਾ ਜਾਵੇਗਾ। ਇਸ ਮੌਕੇ 'ਤੇ ਗੁਰਸਾਹਿਬ ਸੰਧੂ, ਵਿਸ਼ਾਲ ਸ਼ਰਮਾ, ਪ੍ਰਗਟ ਗਿੱਲ, ਹਰਪ੍ਰੀਤ ਸੰਧੂ, ਹਰਮਨ ਪਵਾਰ, ਗੁਰਪ੍ਰੀਤ ਘਰਿੰਡੀ, ਬੰਬਲ ਟਹਿਣਾ, ਹਰਮੀਤ ਗਿੱਲ, ਜਗਦੀਪ ਗੁਰਾਇਆ, ਵਰਿੰਦਰ ਸਰਨ, ਬੱਲੀ ਸਿੰਘ, ਦੀਪਕ ਸ਼ਰਮਾ ਤੇ ਗੁਰਵਿੰਦਰ ਲੋਹਮ ਹਾਜ਼ਰ ਸਨ।