ਪੰਜਾਬੀ ਗਾਇਕਾ ਅਨਮੋਲ ਗਗਨ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਫੜ੍ਹਿਆ 'ਆਪ' ਦਾ ਝਾੜੂ

07/13/2020 4:08:55 PM

ਚੰਡੀਗੜ੍ਹ : ਹਰ ਮੁੱਦੇ 'ਤੇ ਬੇਬਾਕ ਬੋਲਣ ਵਾਲੀ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਨੇ ਸੋਮਵਾਰ ਨੂੰ ਸਿਆਸਤ 'ਚ ਪੈਰ ਧਰਦੇ ਹੋਏ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹ ਲਿਆ ਹੈ। ਅਨਮੋਲ ਗਗਨ ਲੋਕ ਸਭਾ ਮੈਂਬਰ ਅਤੇ ਆਪ ਨੇਤਾ ਭਗਵੰਤ ਮਾਨ ਦੀ ਹਾਜ਼ਰੀ 'ਚ ਪਾਰਟੀ 'ਚ ਸ਼ਾਮਲ ਹੋਈ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਦੇਖਿਆ ਹੈ ਕਿ ਪਰਿਵਾਰ ਵਾਦ ਦੀ ਸਿਆਸਤ ਚੱਲ ਰਹੀ ਹੈ ਪਰ 'ਆਪ' 'ਚ ਅਜਿਹਾ ਨਹੀਂ ਹੈ ਕਿਉਂਕਿ ਇਹ ਪਾਰਟੀ ਸਿਰਫ ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਪੰਜਾਬ ਲਈ ਸਮਰਿਪਤ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਸਿਆਸਤ 'ਚ ਕਾਫੀ ਦੇਰ ਤੋਂ ਆਉਣਾ ਚਾਹੁੰਦੀ ਸੀ ਪਰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਸੀ ਅਤੇ ਉਨ੍ਹਾਂ ਨੇ 'ਆਪ' ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋਏ ਕੇ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਲਈ ਕਿਸੇ ਨੂੰ ਵੀ ਆਪਣਾ ਕਿੱਤਾ ਛੱਡਣ ਦੀ ਲੋੜ ਨਹੀਂ ਹੈ।

ਉਨ੍ਹਾਂ ਵੱਲੋਂ ਇਹ ਗੱਲ ਉਸ ਸਮੇਂ ਕੀਤੀ ਗਈ, ਜਦੋਂ ਪੱਤਰਕਾਰਾਂ ਨੇ ਅਨਮੋਲ ਗਗਨ ਮਾਨ ਨੂੰ ਸਵਾਲ ਪੁੱਛਿਆ ਕਿ ਕੀ ਉਹ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਕਲਾਕਾਰੀ ਛੱਡ ਦੇਣਗੇ ਜਾਂ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਇਹ ਵਿਅਕਤੀ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਪਾਰਟੀ ਨੂੰ ਕਿੰਨਾ ਸਮਾਂ ਦੇਣਾ ਹੈ, ਬਾਕੀ ਕਿਸੇ ਨੂੰ ਵੀ ਪਾਰਟੀ 'ਚ ਸ਼ਾਮਲ ਹੋਣ ਲਈ ਆਪਣਾ ਕਿੱਤਾ ਛੱਡਣ ਦੀ ਕੋਈ ਲੋੜ ਨਹੀਂ ਹੈ। 

Babita

This news is Content Editor Babita