ਲੈਬਨਾਨ ''ਚੋਂ ਕਲਬੂਤ ''ਚ ਬੰਦ ਆਈ ਪੰਜਾਬੀ ਦੀ ਮ੍ਰਿਤਕ ਦੇਹ, ਦੇਖਦੇ ਹੀ ਪਰਿਵਾਰ ''ਚ ਮਚਿਆ ਚੀਖ-ਚਿਹਾੜਾ

07/20/2017 1:30:52 PM

ਬਲਾਚੌਰ (ਬੈਂਸ/ਬ੍ਰਹਮਪੁਰੀ)— ਇਕ ਵਾਰ ਫਿਰ ਵਿਦੇਸ਼ ਤੋਂ ਬੁਰੀ ਖ਼ਬਰ ਆਈ ਹੈ। ਰੋਜ਼ੀ ਰੋਟੀ ਦੀ ਭਾਲ ਵਿਚ ਲੈਬਨਾਨ ਗਏ ਪੰਜਾਬੀ ਦੀ ਅਚਾਨਕ ਹੋਏ ਬ੍ਰੇਨ ਹੈਮਰੇਜ਼ ਹੋਣ ਕਾਰਨ ਮੌਤ ਹੋ ਗਈ। ਬਲਾਚੌਰ ਦੇ ਵਾਰਡ ਨੰਬਰ 1 ਸਿਆਣਾ ਵਾਸੀ ਜਗਨ ਨਾਥ ਦੇ ਪੁੱਤਰ ਬਲਵਿੰਦਰ (40) ਦੀ ਕਲਬੂਤ 'ਚ ਰੱਖੀ ਮ੍ਰਿਤਕ ਦੇਹ ਜਦੋਂ ਉਨ੍ਹਾਂ ਦੇ ਘਰ ਪੁੱਜੀ ਤਾਂ ਸਾਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਤੇ ਘਰ 'ਚ ਚੀਖ ਚਿਹਾੜਾ ਮਚ ਗਿਆ। ਮਾਤਾ ਕ੍ਰਿਸ਼ਨਾ ਭੁੱਬਾਂ ਮਾਰਕੇ ਰੋ ਰਹੀ ਸੀ ਤੇ ਘਰ ਦੇ ਹਰ ਜੀਅ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਬਲਵਿੰਦਰ ਪਿਛਲੇ 14 ਵਰ੍ਹਿਆਂ ਤੋਂ ਲਿਬਨਾਨ ਵਿਖੇ ਕਿਸੇ ਅਰਬੀ ਕੰਪਨੀ 'ਚ ਕੰਮ ਕਰ ਰਿਹਾ ਸੀ ਤੇ 4 ਜੁਲਾਈ 2017 ਨੂੰ ਉਸਨੂੰ ਬ੍ਰੇਨ ਹੈਮਰੇਜ਼ ਹੋਣ ਪਿੱਛੋਂ ਉੱਥੋਂ ਦੇ ਕਿਸੇ ਹਸਪਤਾਲ 'ਚ ਦਾਖਲ ਸੀ। ਇੱਥੇ ਇਲਾਜ ਦੌਰਾਨ ਉਸਦੇ ਦਿਲ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਮੀਰਾਤ ਕਾਰਗੋ ਏਅਰ ਲਾਈਨ ਰਾਹੀਂ ਮ੍ਰਿਤਕ ਦੇਹ ਨੂੰ ਉਸਦਾ ਪਿਤਾ ਜਗਨ ਨਾਥ (ਸੇਵਾ ਮੁਕਤ ਬਿਜਲੀ ਬੋਰਡ ਕਰਮੀ) ਦਿੱਲੀ ਏਅਰਪੋਰਟ ਤੋਂ ਲੈਣ ਲਈ ਕੱਲ ਰਵਾਨਾ ਹੋ ਗਏ ਸਨ ਤੇ ਅੱਜ ਤੜਕਸਾਰ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਘਰ ਸਿਆਣਾ ਵਿਖੇ ਲਿਆਂਦੀ ਗਈ। ਅੱਜ ਬਲਵਿੰਦਰ ਦੀ ਦੇਹ ਨੂੰ ਅਗਨੀ ਭੇਂਟ ਕੀਤੀ ਗਈ। ਮ੍ਰਿਤਕ 14 ਫਰਵਰੀ 2016 ਨੂੰ ਆਪਣੀ ਭੈਣ ਦਾ ਵਿਆਹ ਕਰਕੇ ਲੈਬਨਾਨ ਮੁੜ ਕੰਮ ਤੇ ਗਿਆ ਸੀ। ਮ੍ਰਿਤਕ ਬਲਵਿੰਦਰ ਨੇ ਆਖਰੀ ਵਾਰ 4 ਜੁਲਾਈ ਨੂੰ ਆਪਣੇ ਭਰਾ ਕਾਕੇ ਨਾਲ ਫੋਨ ਤੇ ਗੱਲ ਆਖਰੀ ਵਾਰ ਕੀਤੀ ਸੀ।
ਅੱਜ ਬਲਵਿੰਦਰ ਦੀ ਅੰਤਿਮ ਯਾਤਰਾ 'ਚ ਸੈਂਕੜੇ ਵਿਅਕਤੀ ਸ਼ਾਮਲ ਹੋਏ। ਦੁਖੀ ਪਰਿਵਾਰ ਨਾਲ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਚੌਧਰੀ ਮਦਨ ਲਾਲ ਸਿਆਣਾ ਐੱਮ. ਸੀ., ਲਾਲ ਬਹਾਦਰ ਗਾਂਧੀ ਐੱਮ. ਸੀ., ਕਾਮਰੇਡ ਪਰਮਿੰਦਰ ਮੇਨਕਾ ਤੇ ਸ਼ਹੀਦ ਊਧਮ ਸਿੰਘ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।