ਕੈਨੇਡਾ ’ਚ ਕੋਰੋਨਾ ਵਾਇਰਸ ਨੇ ਲਈ ਇਕ ਹੋਰ ਪੰਜਾਬੀ ਦੀ ਜਾਨ

05/04/2020 11:44:49 AM

ਸਮਰਾਲਾ (ਬੰਗੜ, ਗਰਗ) : ਕੋਰੋਨਾ ਵਾਇਰਸ ਇਸ ਵੇਲੇ ਪੂਰੀ ਦੁਨੀਆ ’ਚ ਆਪਣਾ ਕਹਿਰ ਢਾਹ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀ ਮੌਤ ਦੇ ਲਗਾਤਾਰ ਵੱਧ ਰਹੇ ਅੰਕੜਿਆਂ ਕਾਰਨ ਸਾਰੇ ਦੇਸ਼ ਪ੍ਰਭਾਵਿਤ ਹਨ। ਕੈਨੇਡਾ 'ਚ ਵੀ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਉਸ ਦੇ ਕਈ ਸੂਬੇ ਬੁਰੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਹੋਏ ਹਨ। ਕੈਨੇਡਾ ਦੀ ਓਂਟਾਰੀਓ ਸਟੇਟ ਦੇ ਸ਼ਹਿਰ ਬਰੈਂਪਟਨ ’ਚ ਪਰਿਵਾਰ ਸਮੇਤ ਰਹਿੰਦੇ ਇਕ ਪੰਜਾਬੀ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਮਗਰੋਂ ਉਥੋਂ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅੱਜ ਤੋਂ 'ਕਰਫਿਊ' ਖਤਮ, ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਮੂਲ ਰੂਪ 'ਚ ਸਮਰਾਲਾ ਨੇੜਲੇ ਪਿੰਡ ਕੋਟਾਲਾ ਦੇ ਰਹਿਣ ਵਾਲੇ ਉਜਾਗਰ ਸਿੰਘ 10 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਜਾ ਕੇ ਵੱਸ ਗਏ ਸਨ। ਕੁਝ ਦਿਨ ਪਹਿਲਾਂ ਉਹ ਕੈਨੇਡਾ 'ਚ ਵੀ ਫੈਲੀ ਇਸ ਮਹਾਂਮਾਰੀ ਦੀ ਚਪੇਟ 'ਚ ਆ ਗਏ ਅਤੇ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਮਿਸੀਸਾਗਾ ਦੇ ਇਕ ਹਸਪਤਾਲ 'ਚ ਦਾਖਲ ਕੀਤਾ ਗਿਆ। ਉਥੇ ਰਹਿੰਦੇ ਇਸੇ ਪਿੰਡ ਦੇ ਹਰਜੀਤ ਸਿੰਘ ਕੰਧੋਲਾ ਨੇ ਫੋਨ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਜਾਗਰ ਸਿੰਘ ਮਿਸੀਸਾਗਾ ਦੇ ਕਰੈਡਿਟ ਵੈਲੀ ਹਸਪਤਾਲ 'ਚ 8 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਆਖਰ ਹਾਰ ਗਏ ਅਤੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।

ਹਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਜਾਗਰ ਸਿੰਘ ਆਪਣੇ ਸਮੇਂ ਦੇ ਫੁੱਟਬਾਲ ਦੇ ਚੰਗੇ ਖਿਡਾਰੀ ਰਹੇ ਹਨ। ਕੈਨੇਡਾ 'ਚ ਉਨ੍ਹਾਂ ਦੇ ਪਰਿਵਾਰ ’ਚ ਪਤਨੀ, ਦੋ ਪੁੱਤਰ ਅਤੇ ਇਕ ਪੁੱਤਰੀ ਹੈ ਅਤੇ ਹੁਣ ਇਨ੍ਹਾਂ ਸਾਰਿਆਂ ਨੂੰ ਘਰ 'ਚ ਹੀ ਆਇਸੋਲੇਸ਼ਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਖੜ੍ਹਾ ਹੋ ਸਕਦੈ ਮਜ਼ਦੂਰਾਂ ਦਾ ਸੰਕਟ
 

Babita

This news is Content Editor Babita