...ਤੇ ਧਰੀਆਂ-ਧਰਾਈਆਂ ਰਹਿ ਗਈਆਂ ''ਬਰਾਤ'' ਦੀਆਂ ਖੁਸ਼ੀਆਂ

12/26/2017 1:57:02 PM

ਸੰਗਰੂਰ : ਸਾਹਨੇਵਾਲ ਤੋਂ ਦੁਲਹਨ ਵਿਆਹੁਣ ਆਈ ਬਰਾਤ ਦੀਆਂ ਸਾਰੀਆਂ ਖੁਸ਼ੀਆਂ ਧਰੀਆਂ-ਧਰਾਈਆਂ ਹੀ ਰਹਿ ਗਈਆਂ ਅਤੇ ਪੂਰੀ ਬਰਾਤ ਨੂੰ ਸਾਰਾ ਦਿਨ ਖੱਜਲ-ਖੁਆਰ ਹੋਣ ਤੋਂ ਬਾਅਦ ਬੇਰੰਗ ਵਾਪਸ ਮੁੜਨਾ ਪਿਆ। ਜਾਣਕਾਰੀ ਮੁਤਾਬਕ ਸਾਹਨੇਵਾਲ ਵਾਸੀ ਲਾੜੇ ਨਿਹਾਲ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਉਸ ਦੀ ਮੰਗਣੀ ਸੰਗਰੂਰ ਦੀ ਲੜਕੀ ਨਾਲ ਹੋਈ ਸੀ ਅਤੇ ਇਕ ਦਿਨ ਪਹਿਲਾਂ ਕੁੜੀ ਵਾਲੇ ਉਨ੍ਹਾਂ ਦੇ ਘਰ ਸ਼ਗਨ ਪਾਉਣ ਆਏ ਸਨ। ਬਰਾਤ ਵਾਲੇ ਦਿਨ ਲੜਕੀ ਵਾਲਿਆਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ ਹੈ, ਇਸ ਲਈ ਉਹ ਥੋੜ੍ਹਾ ਲੇਟ ਬਰਾਤ ਲੈ ਕੇ ਆਉਣ। ਜਦੋਂ ਬਰਾਤ ਘਰੋਂ ਤੁਰੀ ਤਾਂ ਪੂਰੇ ਰਸਤੇ ਲਾੜੇ ਪਰਿਵਾਰ ਵਾਲੇ ਲੜਕੀ ਵਾਲਿਆਂ ਨੂੰ ਫੋਨ ਕਰਦੇ ਰਹੇ ਪਰ ਉਹ ਤਰ੍ਹਾਂ-ਤਰ੍ਹਾਂ ਦੇ ਬਹਾਨਾ ਬਣਾਉਂਦੇ ਰਹੇ। ਲਾੜੇ ਦੇ ਇਕ ਦੋਸਤ ਨੇ ਦੋਸ਼ ਲਾਇਆ ਕਿ ਜਦੋਂ ਬਰਾਤ ਵਾਲੀ ਬੱਸ ਕਰੀਬ ਇਕ ਵਜੇ ਗੋਲਡਨ ਵੈਲੀ ਪੈਲਸ ਪੁੱਜੀ ਤਾਂ ਅੱਧੀ ਦਰਜਨ ਨੌਜਵਾਨ ਡਾਂਗਾਂ-ਸੋਟੀਆਂ ਲੈ ਕੇ ਖੜ੍ਹੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪੈਲਸ 'ਚ ਨਹੀਂ ਵੜਨ ਦਿੱਤਾ ਅਤੇ ਕਥਿਤ ਤੌਰ 'ਤੇ ਧਮਕਾ ਕੇ ਵਾਪਸ ਮੋੜ ਦਿੱਤਾ। ਸ਼ਾਮ ਦੇ ਕਰੀਬ ਸਾਢੇ 4 ਵਜੇ ਲਾੜੇ ਨੇ ਆਪਣੇ ਪਰਿਵਾਰ ਸਮੇਤ ਥਾਣਾ ਮੁਖੀ ਅੱਗੇ ਆਪਣਾ ਪੱਖ ਰੱਖਿਆ ਅਤੇ ਲਿਖਤੀ ਸ਼ਿਕਾਇਤ ਵੀ ਸੌਂਪੀ। ਇਸ ਤੋਂ ਬਾਅਦ ਉਸ ਨੇ ਥਾਣੇ 'ਚ ਹੀ ਵਿਆਹ ਵਾਲੇ ਕੱਪੜੇ ਬਦਲੇ ਅਤੇ ਚੁੱਪ-ਚਾਪ ਬਰਾਤ ਸਮੇਤ ਵਾਪਸ ਚਲਾ ਗਿਆ। ਜਦੋਂ ਮੀਡੀਆ ਲੜਕੀ ਵਾਲਿਆਂ ਦੇ ਘਰ ਪੁੱਜਾ ਤਾਂ ਲੜਕੀ ਦੀ ਡੋਲੀ ਵਿਦਾ ਹੋ ਰਹੀ ਸੀ। ਲੜਕੀ ਵਾਲਿਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।