ਪੰਜਾਬ ਦਾ ਮਾਹੌਲ ਗੰਧਲਾ ਕਰਨ ਵਾਲੇ ਗਾਇਕਾਂ ਨੂੰ ਫੈੱਡਰੇਸ਼ਨ ਮਹਿਤਾ ਬਰਦਾਸ਼ਤ ਨਹੀਂ ਕਰੇਗੀ : ਢੋਟ

08/03/2017 5:08:27 PM

ਅੰਮ੍ਰਿਤਸਰ - ਪੁਰਾਤਨ ਸਮੇਂ ਦੌਰਾਨ ਗਾਇਕਾਂ ਵੱਲੋਂ ਗਾਏ ਜਾਣ ਵਾਲੇ ਗੀਤ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨਾਲ ਜੋੜਦੇ ਸਨ ਪਰ ਅੱਜ ਦੇ ਗਾਇਕਾਂ ਦੀ ਲੱਚਰ ਗਾਇਕੀ ਕਾਰਨ ਜਵਾਨੀ ਕੁਰਾਹੇ ਪੈ ਰਹੀ ਹੈ। ਇਹ ਵਿਚਾਰ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ।  ਉਨ੍ਹਾਂ ਕਿਹਾ ਕਿ ਅੱਜ ਦੇ ਗੀਤ ਨਸ਼ਿਆਂ, ਬੰਦੂਕਾਂ ਤੇ ਪਿਸਤੌਲਾਂ ਦੁਆਲੇ ਘੁੰਮਣ ਕਾਰਨ ਪੰਜਾਬੀ ਗੱਭਰੂਆਂ 'ਤੇ ਵੀ ਉਹੋ ਜਿਹੀ ਹੀ ਖੁਮਾਰੀ ਚੜ੍ਹ ਰਹੀ ਹੈ, ਜਿਸ ਕਾਰਨ ਉਹ ਆਪਣੀ ਅਸਲ ਜ਼ਿੰਮੇਵਾਰੀ ਤੋਂ ਭਟਕ ਕੇ ਬੁਰੀ ਸੰਗਤ 'ਚ ਪੈ ਰਹੇ ਹਨ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਫੈੱਡਰੇਸ਼ਨ ਮਹਿਤਾ ਵੱਲੋਂ ਜਲਦ ਹੀ ਇਕ 'ਲਹਿਰਾਉਂਦਾ ਪੰਜਾਬ ਕਲਚਰ ਕਲੱਬ' ਭੰਗੜੇ ਦੀ ਟੀਮ ਤਿਆਰ ਕੀਤੀ ਜਾਵੇਗੀ ਤੇ ਸਕੂਲਾਂ, ਕਾਲਜਾਂ 'ਚੋਂ ਲੜਕੇ ਤੇ ਲੜਕੀਆਂ ਨੂੰ ਇਸ ਟੀਮ 'ਚ ਸ਼ਾਮਿਲ ਕੀਤਾ ਜਾਵੇਗਾ ਤੇ ਫਿਰ ਉੱਚ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ।  ਉਨ੍ਹਾਂ ਕਿਹਾ ਕਿ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਪੰਜਾਬ ਦੇ ਗੱਭਰੂਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹਰ ਸੰਭਵ ਯਤਨ ਕਰੇਗੀ, ਜਿਸ ਵਿਚ ਹੋਰਨਾਂ ਸਿੱਖ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ। ਸ. ਢੋਟ ਨੇ ਪੰਜਾਬੀ ਗਾਇਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਅਜਿਹੇ ਗੀਤ ਗਾਉਣ ਜਿਸ ਨੂੰ ਸਾਰਾ ਪਰਿਵਾਰ ਮਿਲ-ਬੈਠ ਕੇ ਸੁਣ ਸਕੇ ਅਤੇ ਉਸ ਗੀਤ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਬਾਰੇ ਕੁਝ ਗਿਆਨ ਵੀ ਮਿਲੇ। ਉਨ੍ਹਾਂ ਅਖੀਰ 'ਚ ਕਿਹਾ ਕਿ ਆਪਣੇ ਗੀਤਾਂ ਰਾਹੀ ਲੱਚਰਤਾ ਪਰੋਸ ਕੇ ਪੰਜਾਬ ਦਾ ਮਾਹੌਲ ਗੰਧਲਾ ਕਰਨ ਵਾਲੇ ਗਾਇਕਾਂ ਨੂੰ ਫੈੱਡਰੇਸ਼ਨ ਮਹਿਤਾ ਬਰਦਾਸ਼ਤ ਨਹੀਂ ਕਰੇਗੀ।