ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ ਪੰਜਾਬ ਯੂਥ ਕਾਂਗਰਸ

01/20/2018 6:57:16 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਜਿਥੇ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਚੁੱਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਨਤੀਜਿਆਂ ਤੋਂ ਸੁਚੇਤ ਕਰ ਕੇ ਇਸ ਕੋਹੜ ਤੋਂ ਬਚਾਉਣ ਲਈ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਨਾਟਕ ਮੇਲੇ ਕਰਵਾਏ ਜਾਣਗੇ, ਜਿਸ ਦੌਰਾਨ ਯੂਥ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਤੋਂ ਇਲਾਵਾ ਹਲਕਿਆਂ ਨਾਲ ਸੰਬੰਧਤ ਯੂਥ ਕਾਂਗਰਸ ਦੀਆਂ ਟੀਮਾਂ ਤੇ ਸੀਨੀਅਰ ਆਗੂ, ਵਿਧਾਇਕ ਤੇ ਮੰਤਰੀ ਵੀ ਸ਼ਾਮਲ ਹੋਣਗੇ।
ਪਟਿਆਲਾ ਤੋਂ ਸ਼ੁਰੂਆਤ
ਜਾਣਕਾਰੀ ਅਨੁਸਾਰ ਇਸ ਮੁਹਿੰਮ ਦੀ ਸ਼ੁਰੂਆਤ ਪਿਛਲੇ ਸਾਲ ਦੇ ਅਖੀਰ ਵਿਚ ਪਟਿਆਲਾ ਲੋਕ ਸਭਾ ਹਲਕੇ 'ਚ ਮਹਾਰਾਣੀ ਪ੍ਰਨੀਤ ਕੌਰ ਨੇ ਕੀਤੀ ਸੀ ਪਰ ਬਾਅਦ ਵਿਚ ਗੁਰਦਾਸਪੁਰ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਕਾਰਨ ਯੂਥ ਆਗੂ ਇਸ ਹਲਕੇ 'ਚ ਪ੍ਰਚਾਰ ਕਰਨ ਤੋਂ ਇਲਾਵਾ ਹੋਰਨਾਂ ਕੰਮਾਂ 'ਚ ਰੁੱਝ ਗਏ। ਹੁਣ ਮੁੜ ਯੂਥ ਕਾਂਗਰਸ ਵੱਲੋਂ ਇਸ ਮੁਹਿੰਮ ਨੂੰ ਰਹਿੰਦੇ 12 ਲੋਕ ਸਭਾ ਹਲਕਿਆਂ 'ਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਸ੍ਰੀ ਅਨੰਦਪੁਰ ਸਾਹਿਬ, ਗੁਰਦਾਸਪੁਰ, ਫ਼ਿਰੋਜ਼ਪੁਰ, ਬਠਿੰਡਾ ਆਦਿ ਹਲਕਿਆਂ ਦੇ ਪ੍ਰਧਾਨਾਂ ਨੇ ਇਹ ਪ੍ਰੋਗਰਾਮ ਕਰਨ ਲਈ ਦਿਨ ਨਿਰਧਾਰਿਤ ਕਰ ਲਏ ਹਨ।
ਮੋਹਾਲੀ ਦੇ ਕਲਾਕਾਰ ਪੇਸ਼ ਕਰਨਗੇ ਨਾਟਕ
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਗੁਰਪਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਲਾਕਾਰਾਂ ਵੱਲੋਂ ਬਾਕਾਇਦਾ ਸਟੇਜ 'ਤੇ ਨਾਟਕ ਪੇਸ਼ ਕੀਤਾ ਜਾਵੇਗਾ। ਇਸ ਨਾਟਕ ਰਾਹੀਂ ਕਲਾਕਾਰਾਂ ਵੱਲੋਂ ਬੱਚੇ ਦੇ ਜਨਮ ਤੋਂ ਬਾਅਦ ਮੁੱਢਲੀ ਪੜ੍ਹਾਈ, ਬਚਪਨ, ਸਕੂਲ ਦੀ ਜ਼ਿੰਦਗੀ, ਕਾਲਜ ਦਾ ਮਾਹੌਲ ਤੇ ਵਿਆਹੁਤਾ ਜੀਵਨ ਸਮੇਤ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਤੇ ਅਜਿਹੀ ਸਕ੍ਰਿਪਟ ਤਿਆਰ ਕੀਤੀ ਗਈ ਹੈ, ਜਿਸ ਵਿਚ ਇਹ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਬੱਚੇ ਤੇ ਨੌਜਵਾਨ ਨਸ਼ਿਆਂ ਦੇ ਜਾਲ 'ਚ ਫਸਦੇ ਹਨ ਤੇ ਬਾਅਦ 'ਚ ਸਕੂਲਾਂ-ਕਾਲਜਾਂ 'ਚ ਨਸ਼ਾ ਕਰਦੇ ਹੋਏ ਆਪਣੀ ਜ਼ਿੰਦਗੀ ਤੇ ਭਵਿੱਖ ਨਾਲ ਖਿਲਵਾੜ ਕਰਦੇ ਹਨ। ਇਸੇ ਨਾਟਕ ਰਾਹੀਂ ਇਹ ਵੀ ਦਰਸਾਇਆ ਜਾਵੇਗਾ ਕਿ ਕਿਸ ਤਰ੍ਹਾਂ ਇਹ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਪੈਸੇ ਪ੍ਰਾਪਤ ਕਰਨ ਲਈ ਮਾਪਿਆਂ ਨਾਲ ਝੂਠ ਬੋਲਦੇ ਹਨ ਤੇ ਲੁੱਟ-ਖੋਹ ਦਾ ਰਸਤਾ ਅਖ਼ਤਿਆਰ ਕਰਨ ਤੋਂ ਇਲਾਵਾ ਵਿਆਹੁਤਾ ਜੀਵਨ ਨੂੰ ਬਰਬਾਦ ਦਿੰਦੇ ਹਨ।
ਹਰ ਹਲਕੇ 'ਚ ਇਕੱਠੇ ਕੀਤੇ ਜਾਣਗੇ 500 ਤੋਂ ਵੱਧ ਨੌਜਵਾਨ
ਸ. ਮਾਹਲ ਨੇ ਦੱਸਿਆ ਕਿ ਹਰ ਹਲਕੇ 'ਚ ਇਸ ਪ੍ਰੋਗਰਾਮ ਦਾ ਉਦਘਾਟਨ ਹਲਕੇ ਦਾ ਸੀਨੀਅਰ ਮੰਤਰੀ, ਵਿਧਾਇਕ ਜਾਂ ਹੋਰ ਆਗੂਆਂ ਤੋਂ ਕਰਵਾਇਆ ਜਾਵੇਗਾ, ਜਿਸ ਵਿਚ ਸਾਰੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਲੋਕ ਸਭਾ ਹਲਕੇ ਦੀ ਟੀਮ ਵੀ ਹਾਜ਼ਰ ਰਹੇਗੀ। ਇਸੇ ਤਰ੍ਹਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਤੇ ਪੰਜਾਬ ਪੱਧਰ 'ਤੇ ਹੋਰ ਆਗੂ ਵੀ ਇਨ੍ਹਾਂ ਪ੍ਰੋਗਰਾਮਾਂ 'ਚ ਹਾਜ਼ਰ ਰਹਿਣਗੇ। ਹਰ ਹਲਕੇ 'ਚ ਘੱਟੋ-ਘੱਟ 500 ਤੋਂ 1000 ਆਮ ਨੌਜਵਾਨਾਂ ਨੂੰ ਇਕੱਠਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਕ ਤੀਰ ਨਾਲ ਦੋ ਨਿਸ਼ਾਨੇ
ਇਹ ਪ੍ਰੋਗਰਾਮ ਕਰਵਾ ਕੇ ਕਾਂਗਰਸ ਦੀ ਹਾਈਕਮਾਨ ਵੱਲੋਂ ਜਿਥੇ ਨਸ਼ਾ ਵਿਰੋਧੀ ਲਹਿਰ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਯੂਥ ਕਾਂਗਰਸ ਦੀ ਇਸ ਕੋਸ਼ਿਸ਼ ਨਾਲ ਪੰਜਾਬ 'ਚ ਯੂਥ ਕਾਂਗਰਸ ਦਾ ਢਾਂਚਾ ਵੀ ਸਰਗਰਮ ਹੋ ਜਾਵੇਗਾ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਯੂਥ ਕਾਂਗਰਸ ਤੇ ਸੀਨੀਅਰ ਕਾਂਗਰਸ ਵੱਲੋਂ ਪੰਜਾਬ 'ਚ ਕੋਈ ਵੀ ਅਜਿਹੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਪਰ ਹੁਣ ਯੂਥ ਕਾਂਗਰਸ ਦੀ ਇਸ ਪਹਿਲਕਦਮੀ ਨੇ ਨੌਜਵਾਨ ਵਰਗ ਨੂੰ ਵੀ ਉਤਸ਼ਾਹਿਤ ਕਰ ਦਿੱਤਾ ਹੈ।
ਯੂਥ ਆਗੂਆਂ ਦੀਆਂ ਮੀਟਿੰਗਾਂ ਸ਼ੁਰੂ
ਇਹ ਪ੍ਰੋਗਰਾਮ ਕਰਵਾਉਣ ਲਈ ਸਾਰੇ ਹਲਕਿਆਂ 'ਚ ਯੂਥ ਆਗੂਆਂ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਤਹਿਤ ਅੱਜ ਗੁਰਦਾਸਪੁਰ ਦੇ ਕਾਂਗਰਸ ਭਵਨ 'ਚ ਮੀਟਿੰਗ ਦੌਰਾਨ ਗੁਰਪਿੰਦਰ ਸਿੰਘ ਮਾਹਲ ਤੋਂ ਇਲਾਵਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਕਿਰਨਪ੍ਰੀਤ ਸਿੰਘ ਪਾਹੜਾ ਤੇ ਹਰਸਿਮਰਨ ਕੌਰ ਬਾਜਵਾ ਆਦਿ ਆਗੂ ਸ਼ਾਮਲ ਹੋਏ। ਬਲਜੀਤ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ 'ਚ ਵਿਧਾਇਕ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ 29 ਜਨਵਰੀ ਨੂੰ ਇਹ ਪ੍ਰੋਗਰਾਮ ਹੋਵੇਗਾ, ਜਿਸ ਵਿਚ ਘੱਟੋ-ਘੱਟ 1000 ਨੌਜਵਾਨਾਂ ਨੂੰ ਇਹ ਨਾਟਕ ਦਿਖਾਇਆ ਜਾਵੇਗਾ।