ਪੰਜਾਬ 'ਚ ਕੱਲ ਤੋਂ ਮੌਸਮ ਦੇ ਮੁੜ ਖਰਾਬ ਹੋਣ ਦੀ ਸੰਭਾਵਨਾ

01/15/2020 10:10:47 AM

ਨਵੀਂ ਦਿੱਲੀ/ਸ਼ਿਮਲਾ/ਮਨਾਲੀ (ਏਜੰਸੀਆਂ, ਸੋਨੂੰ): ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਮੰਗਲਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ। ਪੰਜਾਬ 'ਚ ਬੁੱਧਵਾਰ ਸਵੇਰੇ ਵੀ ਧੁੰਦ ਛਾਈ ਰਹੀ। ਜਾਣਕਾਰੀ ਮੁਤਾਬਕ ਵੀਰਵਾਰ ਤੋਂ ਸ਼ਨੀਵਾਰ ਤੱਕ ਮੌਸਮ ਦੇ ਮੁੜ ਤੋਂ ਖਰਾਬ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਪੰਜਾਬ ਵਿਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੀ ਲਾਹੌਲ ਵਾਦੀ ਦੇ ਮਿਜਲੀ ਨਾਲੇ ਵਿਚ ਬਰਫ ਦੇ ਵੱਡੇ ਤੋਦੇ ਡਿੱਗਣ ਨਾਲ ਚੇਨਾਬ ਦਾ ਵਹਾਅ 5 ਘੰਟੇ ਰੁਕਿਆ ਰਿਹਾ। ਉਥੇ ਇਕ ਝੀਲ ਜਿਹੀ ਬਣ ਗਈ। ਇਸ ਕਾਰਣ ਨੀਵੇਂ ਇਲਾਕਿਆਂ 'ਚ ਖਤਰਾ ਪੈਦਾ ਹੋ ਗਿਆ।

ਗਾਹਰ ਵਾਦੀ ਦੇ ਪਿਆਸੋ ਪਿੰਡ ਵਿਚ ਇਕ ਗਲੇਸ਼ੀਅਰ ਦੇ ਡਿੱਗਣ ਕਾਰਣ 65 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ। ਲੋਕਾਂ ਨੇ ਭਾਰੀ ਮੁਸ਼ਕਲ ਪਿੱਛੋਂ ਬਜ਼ੁਰਗ ਦੀ ਲਾਸ਼ ਗਲੇਸ਼ੀਅਰ ਹੇਠੋਂ ਕੱਢੀ। ਰਾਜਸਥਾਨ ਦੇ ਮਾਊਂਟ ਆਬੂ ਵਿਚ ਸੋਮਵਾਰ ਰਾਤ ਘੱਟੋ-ਘੱਟ ਤਾਪਮਾਨ ਸਿਫਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Shyna

This news is Content Editor Shyna