ਇਕ ਦਹਾਕਾ ਸ਼ਾਂਤ ਰਹਿਣ ਤੋਂ ਬਾਅਦ ਵੱਡੇ ਐਕਸ਼ਨ ’ਚ ਪੰਜਾਬ ਵਿਜੀਲੈਂਸ, ਹੁਣ ਕਿਸ ਦਾ ਨੰਬਰ!

10/18/2022 6:55:26 PM

ਜਲੰਧਰ (ਧਵਨ) : ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਵਿਚ ਹੁਣ ਅਗਲਾ ਨੰਬਰ ਕਿਸ ਦਾ ਲਾਇਆ ਜਾਵੇਗਾ, ਇਸ ਨੂੰ ਲੈ ਕੇ ਸਿਆਸੀ ਹਲਕਿਆਂ ’ਚ ਚਰਚਾ ਸ਼ੁਰੂ ਹੋ ਗਈ ਹੈ। ਪੰਜਾਬ ਵਿਚ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਤੋਂ ਪਹਿਲਾਂ ਵਿਜੀਲੈਂਸ 2002 ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਉਸ ਸਮੇਂ ਸੁਰਖੀਆਂ ’ਚ ਆਈ ਸੀ ਜਦੋਂ ਉਸ ਨੇ ਅਕਾਲੀ ਨੇਤਾਵਾਂ ਖ਼ਿਲਾਫ ਕੇਸ ਦਰਜ ਕੀਤੇ ਸਨ। ਵਿਜੀਲੈਂਸ 2007 ਵਿਚ ਅਕਾਲੀ ਸਰਕਾਰ ਬਣਨ ਤੋਂ ਬਾਅਦ ਉਸ ਸਮੇਂ ਸੁਰਖੀਆਂ ਵਿਚ ਆਈ ਸੀ ਜਦੋਂ ਉਸ ਨੇ ਕੈਪਟਨ ਅਤੇ ਕਾਂਗਰਸੀ ਨੇਤਾਵਾਂ ਖ਼ਿਲਾਫ ਕੇਸ ਦਰਜ ਕੀਤੇ ਸਨ। 2012 ਤੋਂ 2022 ਤਕ ਵਿਜੀਲੈਂਸ ਸੁਰਖੀਆਂ ਵਿਚ ਨਹੀਂ ਰਹੀ। ਵਿਜੀਲੈਂਸ ਨੇ ਇਨ੍ਹਾਂ 10 ਸਾਲਾਂ (ਮਤਲਬ ਇਕ ਦਹਾਕੇ ਤੱਕ) ਵਿਚ ਸਿਆਸੀ ਨੇਤਾਵਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤੇ। ਇਸ ਸਮੇਂ ਦੌਰਾਨ 2012 ਤੋਂ 2017 ਤਕ ਅਕਾਲੀ-ਭਾਜਪਾ ਦੀ ਗਠਜੋੜ ਸਰਕਾਰ ਰਹੀ ਤਾਂ 2017 ਤੋਂ 2022 ਤਕ ਸੂਬੇ ਵਿਚ ਕਾਂਗਰਸ ਦੀ ਸਰਕਾਰ ਰਹੀ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ

2022 ਦੇ ਸ਼ੁਰੂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਿਆਸੀ ਨੇਤਾਵਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਸਿਲਸਿਲਾ ਇਕ ਵਾਰ ਫਿਰ ਸ਼ੁਰੂ ਹੋ ਗਿਆ ਸੀ। ਵਿਜੀਲੈਂਸ ਨੇ ਸਭ ਤੋਂ ਪਹਿਲਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ। ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਲੁਧਿਆਣਾ ਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨਾਂ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਵਿਜੀਲੈਂਸ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਅਧਿਕਾਰੀਆਂ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਗੋਰੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਅਮਰੀਕਾ ’ਚ ਗੁਆਚਾ ਬਟੂਆ 8 ਮਹੀਨੇ ਬਾਅਦ ਬਟਾਲਾ ’ਚ ਮਿਲਿਆ

ਭ੍ਰਿਸ਼ਟਾਚਾਰ ਦੇ ਕਈ ਮਾਮਲੇ ਅਜੇ ਵੀ ਵਿਜੀਲੈਂਸ ਬਿਊਰੋ ਕੋਲ ਪੈਂਡਿੰਗ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਕਈ ਫਾਈਲਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਪਰ ਚੰਨੀ ਵਿਦੇਸ਼ ਬੈਠੇ ਹਨ। ਬਾਅਦ ’ਚ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੋਬਾਇਲ ਫੋਨ ਖੁੱਲ੍ਹਾ ਹੈ ਅਤੇ ਭਗਵੰਤ ਮਾਨ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸੇ ਤਰ੍ਹਾਂ ਪਿਛਲੀ ਕਾਂਗਰਸ ਸਰਕਾਰ ਦੇ ਕਈ ਹੋਰ ਮੰਤਰੀਆਂ ਦੇ ਨਾਲ-ਨਾਲ ਪਿਛਲੀ ਅਕਾਲੀ ਸਰਕਾਰ ਨਾਲ ਸਬੰਧਤ ਕੁਝ ਘਪਲੇ ਵੀ ਜਾਂਚ ਦੇ ਘੇਰੇ ਵਿਚ ਹਨ। ਹਰ 2-3 ਮਹੀਨਿਆਂ ਬਾਅਦ ਵਿਜੀਲੈਂਸ ਵੱਲੋਂ ਵੱਡੇ ਨੇਤਾਵਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਕਿਸ ਦਾ ਨੰਬਰ ਲਾਵੇਗੀ। ਕੁਲ ਮਿਲਾ ਕੇ ਪੰਜਾਬ ਅੰਦਰ ਤਿੱਖੇ ਸਿਆਸੀ ਟਕਰਾਅ ਦਾ ਮਾਹੌਲ ਬਣ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸਾਬਕਾ ਸਰਕਾਰੀ ਬੋਰਡਾਂ, ਇੰਪਰੂਵਮੈਂਟ ਟਰੱਸਟਾਂ ਤੇ ਕਾਰਪੋਰੇਸ਼ਨਾਂ ਦੇ ਕਈ ਨੇਤਾਵਾਂ ਦੇ ਨੰਬਰ ਵੀ ਲੱਗਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh