ਰਾਣਾ ਕੇ. ਪੀ. ਸਿੰਘ ਨੇ ਸਦਨ ''ਚ ਹੋਈ ਅਰਾਜਕਤਾ ''ਤੇ ਜਤਾਈ ਨਾਰਾਜ਼ਗੀ

06/23/2017 12:46:49 PM

ਚੰਡੀਗੜ੍ਹ (ਪਰਾਸ਼ਰ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਮੌਜੂਦਾ ਬਜਟ ਸੈਸ਼ਨ ਦੌਰਾਨ ਅੱਜ ਵਿਰੋਧੀ ਧਿਰ ਦੀ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨੇ ਸਮਾਗਮ ਦੀ ਕਾਰਵਾਈ 'ਚ ਵਿਘਨ ਪਾਉਣ ਦੇ ਮਕਸਦ ਨਾਲ ਨਾਅਰੇਬਾਜ਼ੀ ਕੀਤੀ ਤੇ ਸਕਿਓਰਿਟੀ ਸਟਾਫ ਨਾਲ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸਦਨ ਤੋਂ ਬਾਹਰ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 10.30 ਵਜੇ ਪ੍ਰਸ਼ਨਕਾਲ ਦੌਰਾਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਸਦਨ 'ਚ ਹਾਜ਼ਰ ਮੈਂਬਰਾਂ ਵਲੋਂ ਪ੍ਰਸ਼ਨਕਾਲ ਦੀ ਕਾਰਵਾਈ 'ਚ ਵਿਘਨ ਪਾਇਆ ਗਿਆ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਅਜਿਹਾ ਕਰਨ ਤੋਂ ਨਹੀਂ ਰੁਕੇ, ਜਿਸ ਕਾਰਨ ਸਪੀਕਰ ਨੂੰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਸਦਨ 'ਚ ਹਾਜ਼ਰ ਮੈਂਬਰਾਂ ਨੂੰ ਨੇਮ ਕਰਨਾ ਪਿਆ ਅਤੇ ਸਦਨ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਨੂੰ ਅੱਜ ਦੀ ਬੈਠਕ ਦੇ ਬਾਕੀ ਸਮੇਂ ਲਈ ਮੁਅੱਤਲ ਕਰਨਾ ਪਿਆ।
 ਬੁਲਾਰੇ ਨੇ ਦੱਸਿਆ ਕਿ ਸਪੀਕਰ ਦੇ ਇਨ੍ਹਾਂ ਹੁਕਮਾਂ ਮੁਤਾਬਿਕ ਸਦਨ 'ਚ ਤਾਇਨਾਤ ਸਕਿਓਰਿਟੀ ਸਟਾਫ ਵਲੋਂ ਜਦੋਂ ਇਨ੍ਹਾਂ ਨੇਮ ਕੀਤੇ ਗਏ ਮੈਂਬਰਾਂ ਨੂੰ ਮਾਰਸ਼ਲ ਵਲੋਂ ਹਾਊਸ 'ਚੋਂ ਬਾਹਰ ਲੈ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਆਮ ਆਦਮੀ ਪਾਰਟੀ ਦੇ ਮੈਂਬਰ ਜੈਕ੍ਰਿਸ਼ਨ ਵਲੋਂ ਹਾਊਸ ਦੀ ਸਕਿਓਰਿਟੀ ਡਿਊਟੀ 'ਤੇ ਤਾਇਨਾਤ ਇਕ ਲੇਡੀ ਸਟਾਫ ਨੂੰ ਮੁੱਕਾ ਮਾਰਿਆ ਗਿਆ ਅਤੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਇਨ੍ਹਾਂ ਮੈਂਬਰਾਂ ਵਲੋਂ ਸਦਨ ਦੀ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ।
 ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਅੱਜ ਦੁਪਹਿਰ 11.20 ਵਜੇ ਬਜਟ ਅਨੁਮਾਨਾਂ 'ਤੇ ਬਹਿਸ ਕਾਰਨ ਅਕਾਲੀ ਦਲ ਅਤੇ ਭਾਜਪਾ ਦੇ  ਮੈਂਬਰ ਵੀ ਨਾਅਰੇ ਲਗਾਉਂਦੇ ਹੋਏ ਸਦਨ ਦਾ ਫਲੋਰ ਕ੍ਰਾਸ ਕਰਕੇ ਵਾਕਆਊਟ ਕਰ ਗਏ। ਬਾਅਦ 'ਚ ਅਕਾਲੀ-ਭਾਜਪਾ ਦੇ ਮੈਂਬਰ ਮੁੜ ਸਦਨ 'ਚ ਆਏ ਤਾਂ ਉਹ ਨਾਅਰੇ ਲਗਾਉਂਦੇ ਹੋਏ ਸਦਨ ਦੇ ਵੇਲ 'ਚ ਪਹੁੰਚ ਗਏ ਤੇ ਬਹੁਤ ਸ਼ੋਰ-ਸ਼ਰਾਬਾ ਕੀਤਾ। ਸਪੀਕਰ ਵਲੋਂ ਵਾਰ-ਵਾਰ ਆਪਣੀ ਸੀਟ 'ਤੇ ਜਾਣ ਦੀ ਅਪੀਲ ਕਰਨ ਦਾ ਉਨ੍ਹਾਂ ਨੇ ਕੋਈ ਅਮਲ ਨਹੀਂ ਕੀਤਾ। ਨਿਯਮਾਂਵਲੀ ਦੇ ਉਲਟ ਕੀਤੀਆਂ ਗਈਆਂ ਕਾਰਵਾਈਆਂ ਕਾਰਨ ਮਜਬੂਰੀ 'ਚ ਸਪੀਕਰ ਵਲੋਂ ਉਨ੍ਹਾਂ ਮੈਂਬਰਾਂ ਨੂੰ ਵੀ ਨੇਮ ਕੀਤਾ ਗਿਆ ਅਤੇ ਸਦਨ ਅਤੇ ਪ੍ਰੇਮਸਿਸ ਦੇ ਬਾਹਰ ਭੇਜਣ ਦੇ ਹੁਕਮ ਦਿੱਤੇ ਗਏ। ਇਸ ਦੌਰਾਨ ਸਦਨ ਨੂੰ 2 ਵਾਰ ਮੁਲਤਵੀ ਵੀ ਕਰਨਾ ਪਿਆ।
 ਅਜਿਹੀਆਂ ਮੰਦਭਾਗੀ ਘਟਨਾਵਾਂ ਕਰਕੇ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਅਕਾਲੀ ਦਲ ਅਤੇ ਭਾਜਪਾ ਦੇ ਸਦਨ 'ਚ ਹਾਜ਼ਰ ਮੈਂਬਰਾਂ ਨੇ ਵਿਧਾਨ ਸਭਾ ਦੀ ਕਾਰਜਪ੍ਰਣਾਲੀ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅੱਜ ਜੋ ਵੀ ਇਸ ਪਵਿੱਤਰ ਸਦਨ 'ਚ ਹੋਇਆ, ਉਹ ਸਦਨ ਦੀ ਪਿਛਲੀਆਂ ਸਥਾਪਿਤ ਪ੍ਰੰਪਰਾਵਾਂ ਅਤੇ ਰਿਵਾਇਤਾਂ ਮੁਤਾਬਿਕ ਬਿਲਕੁਲ ਨਹੀਂ ਸੀ। ਸਮੂਹ ਸਦਨ ਨੇ ਵਿਰੋਧੀ ਧਿਰ ਦੇ ਇਨ੍ਹਾਂ ਮੈਂਬਰਾਂ ਵਲੋਂ ਕੀਤੀਆਂ ਗਈਆਂ ਮੰਦਭਾਗੀ ਕਾਰਵਾਈਆਂ ਦੀ ਨਿੰਦਾ ਕੀਤੀ ਤੇ ਪਵਿੱਤਰ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੇ ਘਾਣ ਦੇ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਦਨ ਦੀ ਹੋਈ ਅਰਾਜਕਤਾ 'ਤੇ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਪਵਿੱਤਰ ਸਦਨ ਦੀ ਮਰਿਆਦਾ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੈਰ- ਸੰਵਿਧਾਨਕ ਹਰਕਤਾਂ ਲੋਕਤੰਤਰ ਤੇ ਲੋਕਾਂ ਦੀਆਂ ਭਾਵਨਾਵਾਂ 'ਤੇ ਕਾਲਾ ਧੱਬਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਤ ਮੁੱਦਿਆਂ ਨੂੰ ਛੱਡ ਕੇ ਸਦਨ 'ਚ ਆਪਣੇ ਸਵਾਰਥੀ ਸਿਆਸੀ ਮੁੱਦਿਆਂ ਵਲ ਸਦਨ ਨੂੰ ਭਟਕਾ ਕੇ ਰੱਖੇ ਜਾਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ।