ਵਿਧਾਨ ਸਭਾ 'ਚ ਅਜਨਾਲਾ ਘਟਨਾ ਦੀ ਗੂੰਜ, ਪ੍ਰਤਾਪ ਬਾਜਵਾ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਲੈ ਕੇ ਕਹੀ ਵੱਡੀ ਗੱਲ

03/06/2023 3:34:59 PM

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਦੂਜੇ ਦਿਨ ਵੀ ਕਾਰਵਾਈ ਕੀਤੀ ਗਈ। ਪੰਜਾਬ ਦੇ ਵਿਧਾਇਕ ਆਪੋ-ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਅਤੇ ਸਹੂਲਤਾਂ ਦੇ ਨਾਲ-ਨਾਲ ਇਕ ਤੋਂ ਬਾਅਦ ਇਕ ਮੰਗਾਂ ਸਦਨ ਦੇ ਸਾਹਮਣੇ ਰੱਖੇ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਵਿਧਾਇਕ ਵੀ ਵੱਖ-ਵੱਖ ਮੁੱਦਿਆਂ 'ਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ। ਇਸ ਦੌਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਵੇਖਣ ਨੂੰ ਮਿਲੀ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਜਨਾਲਾ ਕਾਂਡ, ਵਪਾਰ ਸਮੇਤ ਹੋਰ ਵੀ ਕਈ ਮੁੱਦਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਿਆ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ

ਅਜਨਾਲਾ ਕਾਂਡ 'ਤੇ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਅਜਨਾਲਾ ਕਾਂਡ ਹੋਇਆ ਉਦੋ ਇੰਟੈਲੀਜੈਂਸ ਕਿੱਥੇ ਸੀ। ਥਾਣੇ 'ਤੇ ਕਬਜ਼ਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਲੈ ਕੇ ਗਏ। ਅਜਨਾਲਾ ਕਾਂਡ ਸਮੇਂ ਇੰਟੈਲੀਜੈਂਸ ਸੇਫ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਵਾਲਿਆਂ ਵੱਲੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਲਿਜਾਏ ਗਏ ਤਾਂ ਉਸ ਸਮੇਂ ਕਿਸੇ ਵੀ ਸਮੇਂ ਬਰਗਾੜੀ ਕਾਂਡ ਵਰਗੀ ਘਟਨਾ ਵਾਪਰ ਸਕਦੀ ਸੀ। 

ਅੱਗੇ ਬੋਲਦੇ ਹੋਏ ਬਾਜਵਾ ਨੇ ਕਿਹਾ ਕਿ ਵਾਰਿਸ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਏ. ਕੇ.-47 ਦੀ ਬਜਾਏ ਕਲਮ ਦੇਣਾ ਜ਼ਰੂਰੀ ਹੈ। ਵਾਰਿਸ ਪੰਜਾਬ ਵਾਲਿਓਂ ਏ. ਕੇ. 47 ਬੱਚਿਆਂ ਨੂੰ ਨਾ ਵਿਖਾਓ। ਬੰਦੂਕਾਂ ਚੁੱਕ ਕੇ ਇਹ ਨਾ ਸਮਝੋ ਕਿ ਖ਼ੌਫ਼ ਪੈਦਾ ਕਰ ਲਵੋਗੇ। ਇਸ ਦੇ ਇਲਾਵਾ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਅਤੇ ਪੰਜਾਬ ਸਰਕਾਰ ਵਿਚਾਲੇ ਤਿੱਖੀ ਬਹਿਸ ਹੋਈ। ਕੁਰੱਪਸ਼ਨ ਦੇ ਮੁੱਦੇ 'ਤੇ 'ਆਪ' ਨੂੰ ਘੇਰਦੇ ਹੋਏ ਬਾਜਵਾ ਨੇ ਕਿਹਾ ਕਿ ਵਿਜੀਲੈਂਸ ਦਫ਼ਤਰ ਦੇ ਬਾਹਰ 'ਆਪ' ਦਾ ਝੰਡਾ ਲਗਾ ਲਵੋ। ਇਸ ਦੇ ਬਾਅਦ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸ ਹੋਈ। ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਮਨਬੀਰ ਸਿੰਘ ਗਿੱਲ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਐੱਸ. ਐੱਸ. ਪੀ. ਨਿਯੁਕਤ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। 

ਇਹ ਵੀ ਪੜ੍ਹੋ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

ਵਪਾਰ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਸਾਡੇ ਪਿੰਡ ਖ਼ਾਲੀ ਹੋ ਰਹੇ  
ਵਿਧਾਨ ਸਭਾ ਵਿਚ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨ੍ਹਾਂ ਚਿਰ ਵਾਹਗਾ ਬਾਰਡਰ ਨਾ ਖੁੱਲ੍ਹਿਆ, ਅੰਤਰਰਾਸ਼ਟਰੀ ਵਪਾਰ ਸ਼ੁਰੂ ਨਹੀਂ ਹੋ ਸਕਦਾ। ਉਨ੍ਹਾਂ ਚਿਰ ਪੰਜਾਬ ਦੇ ਹਾਲਾਤ ਨਹੀਂ ਬਦਲ ਸਕਦੇ ਹਨ। ਉਨ੍ਹਾਂ ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਅੱਜ ਸਾਡੇ ਪਿੰਡ ਖ਼ਾਲੀ ਹੋ ਰਹੇ ਹਨ। ਨੌਜਵਾਨ ਪੀੜ੍ਹੀ ਬਾਹਰ ਵੱਲ ਨੂੰ ਜਾ ਰਹੀ ਹੈ। ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਿੰਡਾਂ ਦੀਆਂ ਪੰਚਾਇਤਾਂ ਕੋਲ ਪਿਛਲੇ ਇਕ ਸਾਲ ਤੋਂ ਕੋਈ ਪੈਸਾ ਨਹੀਂ ਆਇਆ, ਕਿਉਂਕਿ ਮੌਜੂਦ ਸਰਕਾਰ ਕੋਲ ਪੈਸਾ ਹੈ ਹੀ ਨਹੀਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri