ਪੰਜਾਬ ਵਿਧਾਨ ਸਭਾ ਚੋਣਾਂ 2022: ਜਲੰਧਰ ਜ਼ਿਲ੍ਹੇ ’ਚ 6 ਵਜੇ ਤੱਕ 61.6 ਫ਼ੀਸਦੀ ਹੋਈ ਵੋਟਿੰਗ

02/20/2022 7:40:10 PM

ਜਲੰਧਰ (ਚੋਪੜਾ, ਸੁਧੀਰ, ਸਾਹਨੀ, ਸੋਨੂੰ)–ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ ਵਿਚ ਅੱਜ ਵੋਟਿੰਗ ਹੋਈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਦੀ ਪੂਰੀ ਤਿਆਰੀ ਕੀਤੀ ਸੀ। ਜ਼ਿਲ੍ਹੇ ਭਰ ਵਿਚ ਬਣਾਏ ਗਏ 1975 ਪੋਲਿੰਗ ਬੂਥਾਂ ’ਤੇ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1650867 ਵੋਟਰ ਹਨ, ਜਿਨ੍ਹਾਂ ਵਿਚ 858305 ਮਰਦ, 792532 ਔਰਤਾਂ ਅਤੇ 30 ਟਰਾਂਸਜੈਂਡਰ ਸ਼ਾਮਲ ਹਨ। ਉਥੇ ਹੀ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਵੋਟ ਪਾ ਕੇ ਆਪਣੀ ਵੋਟ ਦਾ ਫਰਜ਼ ਨਿਭਾਇਆ। ਇਸੇ ਤਰ੍ਹਾਂ ਮਨੋਰੰਜਨ ਕਾਲੀਆ ਅਤੇ ਮੰਤਰੀ ਪਰਗਟ ਸਿੰਘ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਵੋਟ ਪਾਈ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਕੁੱਲ ਜਲੰਧਰ ਜ਼ਿਲ੍ਹੇ ’ਚ 6 ਵਜੇ ਤੱਕ 61.6 ਫ਼ੀਸਦੀ ਵੋਟਿੰਗ ਹੋਈ ਹੈ। 

ਜਾਣੋ ਜਲੰਧਰ ’ਚ 3 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ

ਹਲਕਾ ਨਾਮ ਫ਼ੀਸਦੀ ਵੋਟਿੰਗ
ਆਦਮਪੁਰ 62.8 ਫ਼ੀਸਦੀ 
ਜਲੰਧਰ ਕੈਂਟ 58.3 ਫ਼ੀਸਦੀ 
ਜਲੰਧਰ ਸੈਂਟਰਲ 56.6 ਫ਼ੀਸਦੀ 
ਜਲੰਧਰ ਨੌਰਥ 60.5 ਫ਼ੀਸਦੀ
ਕਰਤਾਰਪੁਰ 61.2 ਫ਼ੀਸਦੀ
ਨਕੋਦਰ 64.1 ਫ਼ੀਸਦੀ
ਫਿਲੌਰ 62.3 ਫ਼ੀਸਦੀ
ਸ਼ਾਹਕੋਟ 66.4 ਫ਼ੀਸਦੀ
ਜਲੰਧਰ ਵੈਸਟ 61.9 ਫ਼ੀਸਦੀ


ਐਤਵਾਰ ਨੂੰ ਹੋਣ ਜਾ ਰਹੀ ਵੋਟਿੰਗ ਨੂੰ ਲੈ ਕੇ ਡੀ. ਸੀ. ਨੇ ਬੀਤੇ ਦਿਨ ਤੋਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲਾਡੋਵਾਲੀ ਰੋਡ, ਕੇ. ਐੱਮ. ਵੀ. ਕਾਲਜ, ਖਾਲਸਾ ਕਾਲਜ ਫਾਰ ਵੂਮੈਨ ਅਤੇ ਸਰਕਾਰੀ ਬੀ. ਐੱਡ ਕਾਲਜ ਸਮੇਤ ਸਾਰੇ ਡਿਸਪੈਚ ਸੈਂਟਰਾਂ ਦਾ ਦੌਰਾ ਕੀਤਾ, ਜਿੱਥੋਂ ਜਲੰਧਰ ਦੇ 1975 ਪੋਲਿੰਗ ਸਟੇਸ਼ਨਾਂ ਲਈ ਕੁੱਲ 2374 ਬੈਲੇਟ ਯੂਨਿਟ, 2374 ਕੰਟਰੋਲ ਯੂਨਿਟ ਅਤੇ 2571 ਵੀ. ਵੀ. ਪੈਟ ਰਵਾਨਾ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਅੱਜ ਡਿਸਪੈਚ ਸੈਂਟਰਾਂ ਦਾ ਦੌਰਾ ਕਰ ਕੇ ਮਸ਼ੀਨਾਂ ਭੇਜਣ ਦੇ ਕੰਮ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨਾਲ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਨੇ ਕਿਹਾ ਕਿ ਜਲੰਧਰ ਵਿਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਵੋਟਿੰਗ ਯਕੀਨੀ ਬਣਾਉਣ ਲਈ 20 ਹਜ਼ਾਰ ਤੋਂ ਵੱਧ ਸਿਵਲ ਅਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ

ਇਸ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਦੇ ਈ. ਵੀ. ਐੱਮ. ਵਾਲੇ ਵਾਹਨਾਂ ਨੂੰ ਜੀ. ਪੀ. ਐੱਸ. ਟਰੈਕਿੰਗ ਵਿਵਸਥਾ ਨਾਲ ਲੈਸ ਕੀਤਾ ਗਿਆ ਹੈ। ਟਰਾਂਸਪੋਰਟੇਸ਼ਨ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਈ. ਵੀ. ਐੱਮ. ਕੰਟਰੋਲ ਯੂਨਿਟਸ ਅਤੇ ਵੀ. ਵੀ. ਪੈਟਸ ਨੂੰ ਵਿਧਾਨ ਸਭਾ ਹਲਕੇ ਅਨੁਸਾਰ ਵੱਖ-ਵੱਖ ਕੀਤਾ ਗਿਆ ਹੈ।

ਵਿਧਾਨ ਸਭਾ ਹਲਕਿਆਂ ’ਚ ਕਿੰਨੇ ਬੂਥ ਕੀਤੇ ਸਥਾਪਤ
ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਵਿਚ ਬਣਾਏ 1975 ਬੂਥਾਂ ਵਿਚੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿਚ 183, ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿਚ 190, ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿਚ 196, ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿਚ 217, ਫਿਲੌਰ ਵਿਧਾਨ ਸਭਾ ਹਲਕੇ ਵਿਚ 242, ਨਕੋਦਰ ਵਿਧਾਨ ਸਭਾ ਹਲਕੇ ਵਿਚ 252, ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ 250, ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ 228 ਅਤੇ ਆਦਮਪੁਰ ਹਲਕੇ ਵਿਚ 217 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।

ਜਲੰਧਰ ’ਚ ਪਹਿਲੀ ਵਾਰ ਸਾਰੇ ਪੋਲਿੰਗ ਬੂਥਾਂ ’ਤੇ ਹੋਵੇਗੀ 100 ਫ਼ੀਸਦੀ ਵੈੱਬਕਾਸਟਿੰਗ
ਚੋਣ ਕਮਿਸ਼ਨ ਨੇ ਵੋਟਿੰਗ ਦੌਰਾਨ ਜ਼ਿਲ੍ਹੇ ਦੇ ਸਾਰੇ 1975 ਪੋਲਿੰਗ ਬੂਥਾਂ ’ਤੇ 100 ਫ਼ੀਸਦੀ ਵੈੱਬਕਾਸਟਿੰਗ ਕਰਨ ਦੇ ਪ੍ਰਬੰਧ ਕਰਦਿਆਂ ਸਾਰੇ ਪੋਲਿੰਗ ਲੋਕੇਸ਼ਨਾਂ ’ਤੇ 2163 ਸੀ. ਸੀ. ਟੀ. ਵੀ. ਲਾਏ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਸੀ. ਟੀ. ਇੰਸਟੀਚਿਊਟ ਮਕਸੂਦਾਂ ਵਿਚ ਸਥਾਪਤ ਕੀਤੇ ਗਏ ਜ਼ਿਲਾ ਪੱਧਰੀ ਵੈੱਬਕਾਸਟਿੰਗ ਕੰਟਰੋਲ ਰੂਮ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਇਥੇ ਕੁੱਲ 82 ਡੈਸਕਟਾਪ ਕੰਪਿਊਟਰ ਅਤੇ 5 ਪ੍ਰੋਜੈਕਟਰ ਲਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਪੋਲਿੰਗ ਸਟੇਸ਼ਨਾਂ ਦੀ ਸਰਗਰਮੀਆਂ ਦੀ ਨਿਗਰਾਨੀ ਲਈ ਕੀਤੀ ਜਾਵੇਗੀ। ਇੰਟਰਨੈੱਟ ਵਾਲੇ ਸੀ. ਸੀ. ਟੀ. ਵੀ. ਰਾਊਟਰ ਅਤੇ ਵਾਈ-ਫਾਈ ਸਿਗਨਲਾਂ ਨਾਲ ਲੈਸ ਹਨ, ਜੋ ਕੰਟਰੋਲ ਰੂਮ ਵੈੱਬਕਾਸਟਿੰਗ ਨੂੰ ਯਕੀਨੀ ਬਣਾਉਣਗੇ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਮੁਲਜ਼ਮ ਨੇ ਲਿਆ ਫਾਹਾ, ਪੁਲਸ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri