''ਸੋਸ਼ਾਲੋਜੀ'' ਤੋਂ ਬਾਅਦ ਹੁਣ ਪੰਜਾਬੀ ਯੂਨੀਵਰਸਿਟੀ ਦਾ ''ਹਿਸਟਰੀ'' ਦਾ ਪੇਪਰ ਵੀ ਲੀਕ

04/29/2016 3:24:18 PM

ਪਟਿਆਲਾ/ਜਲੰਧਰ : ਪੰਜਾਬੀ ਯੂਨੀਵਰਸਿਟੀ ਦਾ ''ਬੀ. ਏ. ਫਾਈਨਲ ''ਸੋਸ਼ਾਲੋਜੀ'' ਦਾ ਪੇਪਰ ਲੀਕ ਹੋਣ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ''ਹਿਸਟਰੀ'' ਦਾ ਪੇਪਰ ਵੀ ਲੀਕ ਹੋ ਗਿਆ ਹੈ। ਪੇਪਰ ਲੀਕ ਹੋਣ ਬਾਰੇ ਸੂਚਨਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਿਲ ਗਈ ਹੈ ਅਤੇ ਪ੍ਰਸ਼ਾਸਨ ਹੁਣ ਇਸ ਪੇਪਰ ਨੂੰ ਬਦਲਣ ਦੀ ਤਿਆਰੀ ਕਰ ਰਿਹਾ ਹੈ। ਇਹ ਪੇਪਰ ਸ਼ਨੀਵਾਰ ਸਵੇਰੇ ਹੋਣ ਵਾਲਾ ਸੀ ਅਤੇ ਇਸ ਪੇਪਰ ਦੀ ਇਕ ਕਾਪੀ ਬਾਜ਼ਾਰ ''ਚ ਆ ਗਈ ਹੈ ਅਤੇ ''ਜਗਬਾਣੀ'' ਕੋਲ ਇਸ ਪੇਪਰ ਦੀ ਕਾਪੀ ਮੌਜੂਦ ਹੈ।ਇਹ ਪੇਪਰ ਸੋਸ਼ਾਲੋਜੀ ਦੇ ਪੇਪਰ ਦੀ ਤਰ੍ਹਾਂ ਹੱਥ ਨਾਲ ਲਿਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯੂਨੀਵਰਸਿਟੀ ਦਾ ਉਹੀ ਪੇਪਰ ਹੈ, ਜੋ 30 ਅਪ੍ਰੈਲ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਸਮੇਂ ਦਿੱਤਾ ਜਾਣਾ ਸੀ। ਯੂਨੀਵਰਸਿਟੀ ਦੇ ਧਿਆਨ ''ਚ ਇਹ ਮਾਮਲਾ ਆਉਣ ਤੋਂ ਬਾਅਦ ਹੁਣ ਯੂਨੀਵਰਿਸਟੀ ਪੇਪਰ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। 
ਅਸੀਂ ਲੀਕ ਹੋਇਆ ਉਹ ਪੇਪਰ ਇਸ ਖਬਰ ਦੇ ਨਾਲ ਛਾਪ ਰਹੇ ਹਾਂ, ਹਾਲਾਂਕਿ ''ਜਗਬਾਣੀ'' ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਲੀਕ ਹੋਇਆ ਪੇਪਰ ਯੂਨੀਵਰਿਸਟੀ ਵਲੋਂ ਤਿਆਰ ਕੀਤੇ ਗਏ ਪੇਪਰ ਦੀ ਹੂ-ਬ-ਹੂ ਕਾਪੀ ਹੈ ਜਾਂ ਨਹੀਂ ਕਿਉਂਕਿ ਯੂਨੀਵਰਸਿਟੀ ਦਾ ਅਸਲ ਪੇਪਰ 30 ਅਪ੍ਰੈਲ ਮਤਲਬ ਸ਼ਨੀਵਾਰ ਸਵੇਰੇ ਹੀ ਸਾਹਮਣੇ ਆਉਣਾ ਸੀ। ਇਸ ਤੋਂ ਪਹਿਲਾਂ ਵੀਰਵਾਰ ਦੀ ਸਵੇਰੇ ਹੋਣ ਵਾਲਾ ਸੋਸ਼ਾਲੋਜੀ ਦਾ ਪੇਪਰ ਵੀ ਬੁੱਧਵਾਰ ਦੀ ਸ਼ਾਮ ਨੂੰ ਲੀਕ ਹੋ ਗਿਆ ਸੀ ਅਤੇ ''ਜਗਬਾਣੀ'' ਨੇ ਲੀਕ ਹੋਏ ਇਸ ਪੇਪਰ ਦਾ ਆਪਣੀ ਵੈੱਬਸਾਈਟ ''ਤੇ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਇਹ ਪੇਪਰ ਰੱਦ ਦਿੱਤਾ ਸੀ।

Babita Marhas

This news is News Editor Babita Marhas