ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰ ਇਸ ਤਾਰੀਖ਼ ਨੂੰ ਲਾਡੋਵਾਲ ਟੋਲ ਪਲਾਜ਼ਾ 'ਤੇ ਲਾਉਣਗੇ ਅਣਮਿੱਥੇ ਸਮੇਂ ਦਾ ਧਰਨਾ

12/19/2022 1:19:33 PM

ਪਟਿਆਲਾ (ਜ. ਬ.) : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ 'ਚ ਸਾਰੀਆਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨ ਦੇ ਐਲਾਨ ਕਰਨ 4 ਪ੍ਰਮੁੱਖ ਟਰੱਕ ਆਪਰੇਟਰ ਯੂਨੀਅਨਾਂ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਯੂਨੀਅਨਾਂ ਵਲੋਂ ਬਣਾਏ ਸੰਯੁਕਤ ਮੋਰਚਾ ਟਰੱਕ ਆਪਰੇਟਰ ਯੂਨੀਅਨ ਨੇ 20 ਦਸੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂ ਤੇ ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਫਾਜ਼ਿਲਕਾ, ਆਲ ਪੰਜਾਬ ਟਰੱਕ ਯੂਨੀਅਨ ਦੇ ਹੈਪੀ ਸੰਧੂ, ਆਲ ਪੰਜਾਬ ਟਰੱਕ ਏਕਤਾ ਦੇ ਗੁਰਨਾਮ ਸਿੰਘ ਜੌਹਲ ਅਤੇ ਪੰਜਾਬ ਟਰੱਕ ਏਕਤਾ ਦੇ ਰੇਸ਼ਮ ਸਿੰਘ ਨੇ ਦੱਸਿਆ ਕਿ ਪਿਛਲੀ ਕੈਪਟਨ ਅਮਰਿੰਦਰ ਸਰਕਾਰ ਵਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਨਾਲ ਸੂਬੇ 'ਚ 55 ਹਜ਼ਾਰ ਤੋਂ ਵੱਧ ਟਰੱਕ ਕਬਾੜ 'ਚ ਵਿਕ ਗਏ ਸਨ ਤੇ ਟਰੱਕ ਆਪਰੇਟਰ ਵਿਹਲੇ ਹੋ ਗਏ ਸਨ।

ਇਹ ਵੀ ਪੜ੍ਹੋ : 'ਪਾਸਪੋਰਟ' ਬਣਵਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਵੱਡੇ-ਵੱਡੇ ਸੂਬਿਆਂ ਨੂੰ ਪਛਾੜਿਆ, ਪੂਰੇ ਦੇਸ਼ 'ਚੋਂ ਚੌਥੇ ਨੰਬਰ 'ਤੇ

ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਪਰ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਅਮਰਿੰਦਰ ਸਰਕਾਰ ਦਾ ਫ਼ੈਸਲਾ ਹੀ ਲਾਗੂ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਰਹਿੰਦੇ-ਖੂੰਹਦੇ ਟਰੱਕ ਆਪਰੇਟਰ ਵੀ ਤਬਾਹੀ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਰਦੇ ਹਨ ਤੇ ਦੂਜੇ ਪਾਸੇ ਜਿਹੜੇ ਟਰੱਕ ਆਪਰੇਟਰਾਂ ਕੋਲ ਆਪਣੇ ਰੁਜ਼ਗਾਰ ਹਨ, ਉਹ ਖੋਹੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲਿਆ ਵੱਡਾ ਤੋਹਫ਼ਾ : ਮਥੁਰਾ-ਵਰਿੰਦਾਵਨ ਤੱਕ ਚੱਲੇਗੀ ਹੁਸ਼ਿਆਰਪੁਰ-ਦਿੱਲੀ ਟਰੇਨ

ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ 'ਚ ਪੰਜਾਬ ਦੇ ਸਾਰੇ ਟਰੱਕ ਆਪਰੇਟਰ ਇਕ ਝੰਡੇ ਥੱਲੇ ਇਕੱਠੇ ਹੋ ਗਏ ਹਨ ਅਤੇ 20 ਦਸੰਬਰ ਤੋਂ ਲਾਡੋਵਾਲ (ਫਿਲੌਰ) ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਰਹੇ ਹਨ।ਇਸ ’ਚ ਸਮੁੱਚੇ ਪੰਜਾਬ ਦੇ ਟਰੱਕ ਆਪਰੇਟਰ ਸ਼ਾਮਲ ਹੋਣਗੇ ਤੇ ਸਰਕਾਰ ’ਤੇ ਯੂਨੀਅਨਾਂ ਬਹਾਲ ਕਰਨ ਲਈ ਦਬਾਅ ਬਣਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita