ਜ਼ਹਿਰੀਲੇ ਰੇਗਿਸਤਾਨ ਵੱਲ ਵਧ ਰਿਹਾ ਪੰਜਾਬ, 'ਤੀਜੀ ਪਰਤ' ਦੀਆਂ ਆਖ਼ਰੀ ਘੁੱਟਾਂ ਖ਼ਤਮ ਹੋਣ ਕਿਨਾਰੇ

06/15/2021 5:06:17 PM

ਸੁਲਤਾਨਪੁਰ ਲੋਧੀ (ਧੀਰ) : ਪੰਜਾਬ 'ਚ ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਾ ਹੈ ਜਿਸ ਲਈ ਵੱਡੀ ਮਾਤਰਾ 'ਚ ਪਾਣੀ ਦੀ ਖਪਤ ਹੋਵੇਗੀ। ਪੰਜਾਬ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਾਰਨ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਵੱਜਣ ਨੂੰ ਤਿਆਰ ਹੈ। ਲੰਬੇ ਸਮੇਂ ਤੋਂ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਬਾਰੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਸਰਕਾਰ ਵੱਲੋਂ ਕੋਈ ਉਪਰਾਲਾ ਨਾ ਕਰਨ 'ਤੇ ਸਥਿਤੀ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇ ਸਰਕਾਰ ਨੇ ਕਿਸਾਨੀ ਲਈ ਝੋਨੇ ਦੀ ਜਗ੍ਹਾ ਕਿਸੇ ਹੋਰ ਫ਼ਸਲ ਦਾ ਬਦਲਵਾਂ ਪ੍ਰਬੰਧ ਨਹੀ ਕੀਤਾ ਤਾਂ ਪੂਰੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਵੀ ਨਹੀ ਰੋਕ ਸਕਦਾ। 

ਪਾਬੰਦੀ ਦੇ ਬਾਵਜੂਦ ਟਿਊਬਵੈੱਲ ਕੁਨੈਕਸ਼ਨ ਕੀਤੇ ਜਾ ਰਹੇ ਜਾਰੀ 
ਭਾਵੇਂ ਸੂਬਾ ਸਰਕਾਰ ਨੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਦੇਖਦਿਆਂ ਨਵੇਂ ਬੋਰਵੈੱਲ ਤੇ ਟਿਊਬਵੈੱਲ ਕੁਨੈਕਸ਼ਨ ਦੇਣ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਚੋਰੀ ਛਿਪੇ, ਖੇਤੀਬਾੜੀ ਖੇਤਰ,ਉਦਯੋਗਿਕ ਖੇਤਰ, ਸਰਵਿਸ ਸਟੇਸ਼ਨਾਂ ਤੇ ਹੋਰ ਕਈ ਗ਼ੈਰ-ਜ਼ਰੂਰੀ ਕੰਮਾਂ ਲਈ ਬੋਰਵੈੱਲ ਲਾ ਕੇ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਤੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਣੀਆਂ ਲਗਾਤਾਰ ਜਾਰੀ ਹਨ, ਪਿੰਡਾਂ ਅੰਦਰ ਪਸ਼ੂਆਂ ਨੂੰ ਨਹਾਉਣ, ਗੱਡੀਆਂ ਧੋਣ ਅਤੇ ਹੋਰ ਅਨੇਕਾਂ ਤਰ੍ਹਾਂ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਜਾਰੀ ਹੈ। 

ਇਹ ਵੀ ਪੜ੍ਹੋ:  ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ 'ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ

ਪੰਜਾਬ ਦਾ ਜ਼ਮੀਨੀ ਪਾਣੀ ਤਿੰਨ ਪਰਤਾਂ 'ਚ 
ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ 'ਚ ਹੈ ਪਹਿਲੀ ਪਰਤ ਤਾਂ ਕਈ ਦਹਾਕੇ ਪਹਿਲਾਂ ਖ਼ਤਮ ਹੋ ਚੁੱਕੀ ਹੈ। ਦੂਜੀ ਪਰਤ ਵੀ ਦਸ ਸਾਲ ਪਹਿਲਾਂ ਮੁੱਕ ਚੁੱਕੀ ਹੈ ਤੇ ਬਚੀ ਤੀਜੀ ਪਰਤ ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਕਿਸਾਨ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖ਼ਾਲੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖ਼ਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖ਼ਤਮ ਹੋ ਜਾਣਗੀਆ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ ਦੋ ਦਹਾਕਿਆਂ ‘ਚ ਹਜ਼ਾਰਾਂ ਦੀ ਵੀ ਨਹੀ ਰਹੇਗੀ। 

ਸਾਇੰਸਦਾਨਾਂ ਵੱਲੋਂ ਸਲਾਹ 
ਭਾਰਤ ਸਰਕਾਰ ਨੂੰ ਵਿਸ਼ਵ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਪੰਜਾਬ 'ਚ ਖੇਤੀ ਤੇ ਉਦਯੋਗ ਲਈ ਦਰਿਆਈ ਪਾਣੀਆਂ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬ ਦੀ ਧਰਤੀ ਹੇਠਲਾ ਪਾਣੀ ਹੋਰ ਕੰਮਾਂ ਵਾਸਤੇ ਵਰਤਣ ਲਈ ਮਜ਼ਬੂਰ ਹਨ। ਅਜਿਹੇ ਹਾਲਾਤ 'ਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀ ਕੀਤਾ ਜਾ ਸਕਦਾ। 

ਇਹ ਵੀ ਪੜ੍ਹੋ: ਕਿਸਾਨ ਆਗੂ ਚਢੂਨੀ ਨੇ ਕੇਂਦਰ ਨਾਲ ਹੋਈਆਂ ਬੈਠਕਾਂ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਸੂਬੇ 'ਚ ਚੱਲ ਰਹੇ ਹਨ 13 ਲੱਖ ਟਿਊਬਵੈੱਲ ਕੁਨੈਕਸ਼ਨ 
ਪੰਜਾਬ ਦੇ ਤੇਰਾਂ ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ। ਇੱਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ‘ਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਤੇ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਬਚੇਗਾ। ਦਰਿਆਈ ਪਾਣੀ ਦੀ ਅਣਹੋਂਦ ਕਾਰਨ ਪੰਜਾਬ ਨੂੰ ਇਹ ਘਾਟਾ ਖਾਦਾਂ ਤੇ ਦਵਾਈਆਂ ਨਾਲ ਪੂਰਾ ਕਰਨਾ ਪੈਂਦਾ ਹੈ। ਪੰਜਾਬ ਇੱਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜਖ਼ੀਰਾ ਖ਼ਤਮ ਕਰ ਚੁੱਕਾ ਹੈ, ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ। ਪੰਜਾਬ ਨਾ ਸਿਰਫ਼ ਰੇਗਿਸਤਾਨ ਬਣੇਗਾ ਬਲਕਿ ਜ਼ਹਿਰੀਲਾ ਰੇਗਿਸਤਾਨ ਬਣੇਗਾ ਜੋ ਕਿ ਅੱਜ ਦੀ ਪੀੜ੍ਹੀ ਸਾਹਮਣੇ ਹੀ ਬਣੇਗਾ। 

ਕੀ ਕਹਿਣਾ ਹੈ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦਾ 
ਇਸ ਸਬੰਧੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਹੁਣ ਵੀ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਕੋਈ ਉਚੇਚੇ ਪ੍ਰਬੰਧ ਨਾ ਕੀਤੇ ਗਏ ਤਾਂ ਇਸ ਤੋਂ ਬਾਅਦ ਪਛਤਾਵੇ ਤੋਂ ਇਲਾਵਾ ਕੋਈ ਰਸਤਾ ਨਹੀ ਬਚੇਗਾ। ਉਨ੍ਹਾਂ ਕਿਹਾ ਕਿ ਫਾਲਤੂ ਦੇ ਗੰਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਰਾਹੀਂ ਟ੍ਰੀਟ ਕਰਕੇ ਖੇਤੀ ਲਈ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਜਿੱਥੇ ਸਾਨੂੰ ਧਰਤੀ ਹੇਠਲੇ ਪਾਣੀ ਦੀ ਖੇਤੀ ਲਈ ਜ਼ਰੂਰਤ ਨਹੀ ਹੋਵੇਗੀ ਉੱਥੇ ਪਾਣੀ ਦਾ ਪੱਧਰ ਵੀ ਉੱਚਾ ਚੁੱਕਣ 'ਚ ਕਾਫ਼ੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਮਿਲ ਕੇ ਇੱਕ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਫਿਰ ਹੀ ਕੋਈ ਪ੍ਰਭਾਵ ਹੋਵੇਗਾ। 

ਨੋਟ : ਕੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ? 

Harnek Seechewal

This news is Content Editor Harnek Seechewal