ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

07/03/2023 6:20:04 PM

ਜਲੰਧਰ (ਪੁਨੀਤ)-ਗੁਆਂਢੀ ਸੂਬਿਆਂ ’ਚ ਦਸਤਕ ਦੇ ਚੁੱਕੀ ਮਾਨਸੂਨ ਪੰਜਾਬ ’ਚ ਵਰ੍ਹਨ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਬੱਦਲ ਬਣਦੇ ਹਨ ਅਤੇ ਲੁਕਣਮੀਟੀ ਖੇਡ ਕੇ ਗਾਇਬ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਦੀ ਮਾਨਸੂਨ ਪ੍ਰਤੀ ਉਡੀਕ ਵਧਦੀ ਜਾ ਰਹੀ ਹੈ। ਪਿਛਲੇ 2-3 ਦਿਨਾਂ ਤੋਂ ਵੱਖ-ਵੱਖ ਇਲਾਕਿਆਂ ’ਚ ਹੋਣ ਵਾਲੀ ਪਾਕੇਟ ਰੇਨ ਕਾਰਨ ਮੌਸਮ ਵਿਚ ਨਮੀ ਵਧੀ ਹੈ। ਮਾਨਸੂਨ ਦੀ ਅਣਹੋਂਦ ਕਾਰਨ ਹੁੰਮਸ ਬਹੁਤ ਵਧ ਚੁੱਕੀ ਹੈ ਅਤੇ ਲੋਕ ਘਰਾਂ ਵਿਚ ਵੜੇ ਰਹਿਣ ਲਈ ਮਜਬੂਰ ਹਨ। ਮੌਸਮ ਦੇ ਅਗਾਊਂ ਅਨੁਮਾਨ ਮੁਤਾਬਕ ਮੰਗਲਵਾਰ ਤੋਂ ਸ਼ੁਰੂ ਹੋ ਕੇ ਪੂਰਾ ਹਫ਼ਤਾ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨ ਪਈ ਕੜਕਦੀ ਦੀ ਗਰਮੀ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਕਰਫ਼ਿਊ ਵਰਗਾ ਮਾਹੌਲ ਵੇਖਣ ਨੂੰ ਮਿਲਿਆ, ਜਿਸ ਕਾਰਨ ਕੰਮਕਾਜ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕ ਮਾਨਸੂਨ ਦੀ ਉਡੀਕ ਕਰ ਰਹੇ ਹਨ।

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਐਤਵਾਰ ਨਮੀ 76 ਫ਼ੀਸਦੀ ਤੱਕ ਦਰਜ ਕੀਤੀ ਗਈ, ਜਦਕਿ ਘੱਟੋ-ਘੱਟ ਤਾਪਮਾਨ 28 ਅਤੇ ਵੱਧ ਤੋਂ ਵੱਧ 36 ਡਿਗਰੀ ਦਰਜ ਕੀਤਾ ਗਿਆ। ਹਵਾ ਦੀ ਰਫ਼ਤਾਰ 6 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਮੌਸਮ ’ਚ ਨਮੀ ਵਧਣ ’ਤੇ ਜੇਕਰ ਤੇਜ਼ ਰਫ਼ਤਾਰ ਨਾਲ ਹਵਾ ਚੱਲਦੀ ਰਹੇ ਤਾਂ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਹੁੰਮਸ ਵਿਚ ਇਜ਼ਾਫਾ ਹੋ ਰਿਹਾ ਹੈ।

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ’ਚ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 3-4 ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ’ਤੇ ਬਣਿਆ ਹੋਇਆ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 26 ਤੋਂ 28 ਡਿਗਰੀ ਤੱਕ ਜਾ ਪੁੱਜਾ ਹੈ, ਜਿਸ ਕਾਰਨ ਰਾਤ ਦੇ ਸਮੇਂ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਸੰਡੇ ਬਾਜ਼ਾਰ ਸਮੇਤ ਸ਼ਹਿਰ ਦੇ ਹੋਰ ਬਾਜ਼ਾਰਾਂ ਵਿਚ ਗਾਹਕਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਮ ਵੇਲੇ ਵੀ ਬਾਜ਼ਾਰਾਂ ਵਿਚ ਗਾਹਕਾਂ ਦੀ ਗਿਣਤੀ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ।

ਪਹਾੜੀ ਇਲਾਕਿਆਂ ’ਚ ਘੁੰਮਣ ਜਾ ਰਹੇ ਲੋਕ
ਇਕ ਪਾਸੇ ਜਿੱਥੇ ਗੁਆਂਢੀ ਸੂਬਿਆਂ ਵਿਚ ਉਮੀਦ ਤੋਂ ਵੱਧ ਮੀਂਹ ਪੈ ਰਿਹਾ ਹੈ, ਉੱਥੇ ਹੀ ਪੰਜਾਬ ਵਿਚ ਲੰਮੀ ਉਡੀਕ ਕਰਵਾ ਰਹੀ ਮਾਨਸੂਨ ਨੇ ਹੁਣ ਤਾਂ ਹੱਦ ਹੀ ਕਰ ਦਿੱਤੀ ਹੈ। ਗਰਮੀ ਕਾਰਨ ਲੋਕ ਗੁਆਂਢੀ ਸੂਬਿਆਂ ਹਿਮਾਚਲ, ਉਤਰਾਖੰਡ ਦੀਆਂ ਵਾਦੀਆਂ ਵਿਚ ਜਾ ਰਹੇ ਹਨ ਤੇ ਮੌਸਮ ਦੇ ਨਜ਼ਾਰੇ ਲੈ ਰਹੇ ਹਨ। ਮੀਂਹ ਦੀ ਦਸਤਕ ਤੋਂ ਬਾਅਦ ਪਹਾੜੀ ਇਲਾਕਿਆਂ ਵਿਚ ਕੁਝ ਦਿਨ ਆਵਾਜਾਈ ਘੱਟ ਰਹੀ ਸੀ ਪਰ ਹੁਣ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਲੋਕ ਪਹਾੜਾਂ ਵਿਚ ਘੁੰਮਣ ਜਾ ਰਹੇ ਹਨ। ਇਸ ਕਾਰਨ ਪਹਾੜੀ ਇਲਾਕਿਆਂ ਵਿਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ- ਕਾਰੋਬਾਰੀ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਲੁਟੇਰਿਆਂ ਦੇ ਵੱਡੇ ਖ਼ੁਲਾਸੇ, ਮੈਸੇਂਜਰ 'ਤੇ ਖੇਡੀ ਗਈ ਸਾਰੀ ਖੇਡ

 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri