ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਮੰਗਾਂ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

02/16/2018 6:00:23 AM

ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਕਪੂਰਥਲਾ ਇਕਾਈ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੂੰ ਇਕ ਮੰਗ ਪੱਤਰ ਦਿੱਤਾ। ਜਿਸ 'ਚ ਸੁਵਿਧਾ ਕਰਮਚਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਬਹਾਲੀ  ਸੰਬੰਧੀ ਪਹਿਲਤਾ ਦੇ ਆਧਾਰ 'ਤੇ ਸੋਚਿਆ ਜਾਵੇ। ਇਸ ਸਮੇਂ ਕਰਮਚਾਰੀਆਂ ਵੱਲੋਂ ਮੰਗ ਪੱਤਰ ਦੇ ਨਾਲ ਇਕ ਅਗਾਊ ਤੌਰ 'ਤੇ ਹਾਜ਼ਰੀ ਰਿਪੋਰਟ ਵੀ ਪੇਸ਼ ਕੀਤੀ ਗਈ। ਜਿਸ 'ਚ ਮੁਲਾਜ਼ਮਾਂ ਨੇ ਉਨ੍ਹਾਂ ਦੀਆਂ ਪੁਰਾਣੀਆਂ ਸੀਟਾਂ 'ਤੇ ਕੰਮ ਕਰਨ ਦੀ ਆਗਿਆ ਮੰਗੀ ਹੈ।  ਇਸ ਮੌਕੇ ਡੀ. ਐੱਸ. ਏ. ਕਪੂਰਥਲਾ ਵਿਜੈ ਕੁਮਾਰ, ਡੀ. ਐੱਸ. ਏ. ਭੁਲੱਥ ਕੁਲਦੀਪ ਕੌਰ, ਨਰਿੰਦਰ ਕੌਰ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਚਾਹਲ, ਅਮ੍ਰਿਤਾ ਭੰਡਾਰੀ, ਸੁਖਜਿੰਦਰ ਸਿੰਘ, ਦੀਪਕ ਗਿੱਲ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਰਵੇਲ ਸਿੰਘ, ਕਿਰਨਬਾਲਾ, ਸਵਰਨ ਕੁਮਾਰ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨਿੱਜੀ ਕੰਪਨੀ ਦੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਚੁੱਕੀ ਹੈ ਤੇ ਉਨ੍ਹਾਂ ਵੱਲੋਂ ਸ਼ੁਰੂ ਤੋਂ ਹੀ ਮੰਗ ਕੀਤੀ ਜਾ ਰਹੀ ਹੈ ਕਿ ਸੁਵਿਧਾ ਸੈਂਟਰ ਦੁਬਾਰਾ ਸ਼ੁਰੂ ਕੀਤੇ ਜਾਣ। ਜਿਸ ਨਾਲ ਆਮ ਲੋਕਾਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਕਾਫੀ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ। 
ਉਨ੍ਹਾਂ ਦੱਸਿਆ ਕਿ ਸੁਵਿਧਾ ਮੁਲਾਜ਼ਮਾਂ ਨੇ ਪਿਛਲੀ ਆਕਾਲੀ-ਭਾਜਪਾ ਸਰਕਾਰ ਸਮੇਂ ਵੀ ਇਸ ਪ੍ਰਾਈਵੇਟ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ ਪਰ ਪਿਛਲੀ ਸਰਕਾਰ ਵਲੋਂ ਵਿਰੋਧ ਕਰਨ ਵਾਲੇ ਸਮੂਹ ਸੁਵਿਧਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਮਨਜ਼ੂਰ ਕੀਤਾ ਜਾਵੇ।